ਤਿਉਹਾਰਾਂ ਮਗਰੋਂ ਦਰਿਆਵਾਂ ’ਚ ਗੰਦਗੀ
ਧਾਰਮਿਕ ਆਸਥਾ ਦੇ ਨਾਂ ’ਤੇ ਪੰਜਾਬ ਦੇ ਪਾਣੀਆਂ ਨੂੰ ਰੱਜ ਕੇ ਪਲੀਤ ਕੀਤਾ ਜਾ ਰਿਹਾ ਹੈ। ਕੁੱਝ ਦਿਨਾਂ ਤੋਂ ਚੱਲ ਰਹੇ ਤਿਉਹਾਰਾਂ ਮੌਕੇ ਲੋਕ ਸਤਲੁਜ ਵਿੱਚ ਪੂਜਾ ਸਮੱਗਰੀ ਦੇ ਨਾਲ-ਨਾਲ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਅਜਿਹਾ ਸਾਮਾਨ ਸੁੱਟ ਰਹੇ ਹਨ, ਜੋ ਸਾਫ ਪਾਣੀ ਨੂੰ ਪ੍ਰਦੂਸ਼ਿਤ ਕਰਨ ਦਾ ਕਾਰਨ ਬਣ ਰਹੇ ਹਨ। ਇਸ ਚਿੰਤਾਜਨਕ ਵਰਤਾਰੇ ਨੂੰ ਦੇਖਦਿਆਂ ਵਾਤਾਵਰਨ ਪ੍ਰੇਮੀਆਂ ਨੇ ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਰਤਾਰੇ ਨੂੰ ਹੁਣ ਹੀ ਰੋਕਿਆ ਜਾਵੇ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।
ਦੇਸ਼ ਵਿੱਚ ਕਈ ਤਿਉਹਾਰ ਮਨਾਏ ਜਾਂਦੇ ਹਨ, ਜਿਨ੍ਹਾਂ ਦੌਰਾਨ ਲੋਕ ਦਰਿਆਵਾਂ ਅਤੇ ਨਹਿਰਾਂ ਦੇ ਪਾਣੀ ਵਿੱਚ ਖੜ੍ਹੇ ਹੋ ਕੇ ਪੂਜਾ ਕਰਦੇ ਹਨ। ਹਾਲ ਹੀ ਵਿੱਚ ਲੰਘਿਆ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਨਅਤੀ ਸ਼ਹਿਰ ’ਚੋਂ ਲੰਘਦੀ ਸਿੱਧਵਾਂ ਨਹਿਰ ਅਤੇ ਸਤਲੁਜ ਦਰਿਆ ਵਿੱਚ ਲੋਕਾਂ ਵੱਲੋਂ ਪੂਜਾ ਕੀਤੀ ਗਈ ਪਰ ਅਫਸੋਸ ਦੀ ਗੱਲ ਹੈ ਕਿ ਇਸ ਦੌਰਾਨ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਪੂਜਾ ਦੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਸਤਲੁਜ ਦੇ ਕਿਨਾਰਿਆਂ ’ਤੇ ਲੋਕਾਂ ਵੱਲੋਂ ਸੁੱਟੀ ਗਈ ਪੂਜਾ ਸਮੱਗਰੀ, ਕੱਪੜੇ ਅਤੇ ਪਲਾਸਟਿਕ ਦੇ ਲਿਫਾਫੇ ਕਿਸੇ ਨੇ ਚੁੱਕਣ ਦੀ ਖੇਚਲ ਨਹੀਂ ਕੀਤੀ। ਵਾਤਾਵਰਨ ਪ੍ਰੇਮੀ ਕੁਲਦੀਪ ਖਹਿਰਾ ਨੇ ਕਿਹਾ, ‘ਹਰ ਧਰਮ ਵਿੱਚ ਪਾਣੀ ਦੀ ਬਹੁਤ ਮਹੱਤਤਾ ਦੱਸੀ ਗਈ ਹੈ ਪਰ ਸਾਡੇ ਲੋਕ ਸਿਰਫ਼ ਧਾਰਮਿਕ ਹੋਣ ਦਾ ਡਰਾਮਾ ਕਰਦੇ ਹਨ, ਧਰਮੀ ਬਣਨ ਦੀ ਕੋਸ਼ਿਸ਼ ਨਹੀਂ ਕਰਦੇ।’ ਇਸੇ ਤਰ੍ਹਾਂ ਜਗਜੀਤ ਸਿੰਘ ਮਾਨ ਨੇ ਕਿਹਾ ਕਿ ਆਸਥਾ ਦੇ ਨਾਂ ’ਤੇ ਸਾਫ਼ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਦੀ ਖੁੱਲ੍ਹ ਕਿਸੇ ਨੂੰ ਵੀ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਇਸ ਵਰਤਾਰੇ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। ਸਮਾਜ ਸੇਵੀ ਮਹਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਖਾਤਰ ਪੰਜਾਬ ਦੇ ਕੁਦਰਤੀ ਸੋਮਿਆਂ ਦਾ ਘਾਣ ਨਹੀਂ ਹੋਣ ਦੇਣਾ ਚਾਹੀਦਾ। ਧਾਰਮਿਕ ਆਗੂਆਂ ਨੂੰ ਵੀ ਅੱਗੇ ਆ ਕੇ ਲੋਕਾਂ ਨੂੰ ਪਾਣੀ ਪ੍ਰਦੂਸ਼ਤ ਨਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
