ਨਾਜਾਇਜ਼ ਮਾਈਨਿੰਗ ਕਾਰਨ ਧੁੱਸੀ ਬੰਨ੍ਹ ਨੁਕਸਾਨਿਆ: ਰਾਜਾ ਵੜਿੰਗ
ਸਸਰਾਲੀ ਪਿੰਡ ਵਿੱਚ ਸਤਲੁਜ ’ਤੇ ਬਣੇ ਬੰਨ੍ਹ ਤੇ ਪਿੰਡ ਵਾਸੀਆਂ ਨੂੰ ਮਿਲਣ ਲਈ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਪੁੱਜੇ। ਉਨ੍ਹਾਂ ਪਿੰਡ ਸਸਰਾਲੀ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸੰਸਦ ਮੈਂਬਰ ਰਾਜਾ ਵੜਿੰਗ ਅਤੇ ਡਾ. ਅਮਰ ਸਿੰਘ ਨੇ ਕਿਸਾਨਾਂ ਨੂੰ ਦੋ ਲੱਖ ਵੀਹ ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੱਤੀ। ਸੰਸਦ ਮੈਂਬਰਾਂ ਨੇ ਐਲਾਨ ਕੀਤਾ ਕਿ ਕਣਕ ਦੀ ਬਿਜਾਈ ਤੱਕ ਪੰਜਾਹ ਟਰੈਕਟਰ ਕਾਂਗਰਸ ਵੱਲੋਂ ਪਿੰਡ ਵਾਸੀਆਂ ਨੂੰ ਮੌਜੂਦ ਰਹਿਣਗੇ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਹੀ ਸਮੇਂ ’ਤੇ ਪਾਣੀ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਪੰਜਾਬ ਦੀ ਇਹ ਸਥਿਤੀ ਨਾ ਹੁੰਦੀ। ਜਦੋਂ ਹੜ੍ਹ ਆਇਆ ਤਾਂ ਸਰਕਾਰ ਆਪਣੀ ਡੂੰਘੀ ਨੀਂਦ ਤੋਂ ਜਾਗੀ ਪਰ ਇਸ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੂੰ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਜਿੰਨੀ ਵਿੱਤੀ ਸਹਾਇਤਾ ਦੇ ਰਹੀ ਹੈ, ਉਸ ਨਾਲੋਂ ਕਈ ਗੁਣਾਂ ਵੱਧ ਕਿਸਾਨਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਸਮੇਂ ਸਿਰ ਬੰਨ੍ਹਾਂ ਦੀ ਸਫ਼ਾਈ ਕਰਵਾ ਦਿੰਦੀ ਤਾਂ ਅੱਜ ਲੋਕਾਂ ਦਾ ਇੰਨਾ ਨੁਕਸਾਨ ਨਾ ਹੁੰਦਾ। ਰਾਜਾ ਵੜਿੰਗ ਨੇ ਕਾਂਗਰਸ ਵੱਲੋਂ ਸਸਰਾਲੀ ਪਿੰਡ ਦੇ ਲੋਕਾਂ ਨੂੰ 2 ਲੱਖ 20 ਹਜ਼ਾਰ ਦੀ ਸਹਾਇਤਾ ਦਿੱਤੀ ਤੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਇਸ ਖੇਤਰ ਨੂੰ 10-15 ਲੱਖ ਰੁਪਏ ਹੋਰ ਦੇਣਗੇ।
‘ਪਿੰਡ ਸਸਰਾਲੀ ਵਿੱਚ ਸਤਲੁਜ ਦੇ ਪਾਣੀ ਕਾਰਨ ਹੋਏ ਨੁਕਸਾਨ ਲਈ ਸਰਕਾਰ ਜ਼ਿੰਮੇਵਾਰ’
Advertisementਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਿੰਡ ਸਸਰਾਲੀ ਵਿੱਚ ਸਤਲੁਜ ਦੇ ਪਾਣੀ ਨਾਲ ਹੋਏ ਨੁਕਸਾਨ ਲਈ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪਿੰਡ ਸਸਰਾਲੀ ਦੇ ਲੋਕਾਂ ਨੂੰ ਇਲਾਕੇ ਵਿੱਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਕਾਰਨ ਕਾਫ਼ੀ ਨੁਕਸਾਨ ਝੱਲਣਾ ਪਿਆ। ਸਤਲੁਜ ਦਰਿਆ ’ਤੇ ਗੈਰ-ਕਾਨੂੰਨੀ ਮਾਈਨਿੰਗ ਕੀਤੀ ਗਈ ਹੈ, ਜਿਸ ਦਾ ਨਤੀਜਾ ਇਹ ਹੈ ਕਿ ਸ਼ਹਿਰ ਡੁੱਬ ਸਕਦਾ ਸੀ। ਲੋਕ ਇਲਾਕੇ ਦੇ ਵਿਧਾਇਕ ਅਤੇ ਮੰਤਰੀ ’ਤੇ ਮਾਈਨਿੰਗ ਨੂੰ ਨਜ਼ਰ-ਅੰਦਾਜ਼ ਕਰਨ ਦੇ ਗੰਭੀਰ ਦੋਸ਼ ਵੀ ਲਾ ਰਹੇ ਹਨ। ਸ੍ਰੀ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਅਸਫ਼ਲ ਹੋ ਗਏ ਹਨ।