ਡੀ ਜੀ ਪੀ ਦਾ ਕੇਂਦਰ ਤੇ ਸੂਬਾ ਸਰਕਾਰ ਨੂੰ ਪੱਤਰ
ਹਰਿਆਣਾ ਦੇ ਡੀ ਜੀ ਪੀ ਓ ਪੀ ਸਿੰਘ ਨੇ ਸੂਬੇ ਵਿੱਚ ਸੜਕ ਸੁਰੱਖਿਆ ਯਕੀਨੀ ਬਣਾਉਣ ਲਈ ਸੂਬਾ ਤੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਡੀ ਜੀ ਪੀ ਨੇ ਇਹ ਪੱਤਰ ਕੇਂਦਰੀ ਟਸਾਂਪੋਰਟ ਤੇ ਰਾਜ ਮਾਗਰ ਮੰਤਰਾਲੇ ਦੇ ਸਕੱਤਰ ਵੀ ਉਮਾਸ਼ੰਕਰ ਅਤੇ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੂੰ ਲਿਖਿਆ ਹੈ। ਇਸ ਪੱਤਰ ਵਿੱਚ ਡੀ ਜੀ ਪੀ ਨੇ ਸੂਬਾ ਅਤੇ ਕੇਂਦਰ ਸਰਕਾਰ ਤੋਂ ਰਾਜ ਅਤੇ ਕੌਮੀ ਮਾਰਗਾਂ ’ਤੇ ਸੜਕ ਹਾਦਸਿਆਂ ਲਈ ਚੁਣੇ ਬਲੈਕ ਸਪੌਟਸ ’ਤੇ ਲੋੜੀਂਦੇ ਕੰਮ ਕਰਨ ਦੀ ਅਪੀਲ ਕੀਤੀ ਹੈ।
ਡੀ ਜੀ ਪੀ ਨੇ ਕਿਹਾ ਕਿ ਹਰਿਆਣਾ ਪੁਲੀਸ ਵੱਲੋਂ ਸੂਬੇ ਭਰ ਵਿੱਚ ਜ਼ਿਆਦਾ ਸੜਕ ਹਾਦਸੇ ਹੋਣ ਵਾਲੇ 474 ਬਲੈਕ ਸਪੌਟਸ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਹਾਲੇ ਤੱਕ 223 ’ਤੇ ਲੋੜੀਂਦੇ ਕੰਮ ਕਰ ਕੇ ਸੜਕ ਹਾਦਸਿਆਂ ’ਤੇ ਠੱਲ੍ਹ ਪਾਈ ਗਈ ਹੈ, ਜਦੋਂਕਿ ਹਾਲੇ ਵੀ ਸੂਬੇ ਵਿੱਚ 251 ਬਲੈਕ ਸਪੌਟਸ ’ਤੇ ਕੰਮ ਕਰਨਾ ਬਾਕੀ ਹੈ।
ਬਲੈਕ ਸਪੌਟਸ ’ਤੇ ਸੜਕਾਂ ਦੀ ਮੁਰੰਮਤ ਕੀਤੀ ਜਾਵੇ, ਸਾਈਨ ਬੋਰਡ ਲਗਾਏ ਜਾਣ ਅਤੇ ਟਰੈਫਿਕ ਲਾਈਟ ਲਗਾਉਣ ਸਣੇ ਹੋਰ ਲੋੜੀਂਦੇ ਕਦਮ ਚੁੱਕਣ ਦੀ ਜ਼ਰੂਰਤ ਹੈ। ਹਰਿਆਣਾ ਪੁਲੀਸ ਵੱਲੋਂ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਡੀ ਜੀ ਪੀ ਨੇ ਲੋਕਾਂ ਨੂੰ ਵੀ ਵਾਹਨ ਚਲਾਉਣ ਸਮੇਂ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਅਤੇ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਦੀ ਵਰਤੋਂ ਕਰਨ ਅਤੇ ਟਰੈਫਿਕ ਲਾਈਟਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
