ਮਣੀਮਹੇਸ਼ ਗਏ ਸ਼ਰਧਾਲੂ ਸੁਰੱਖਿਅਤ ਪਰਤੇ
ਹਫ਼ਤਾ ਲਾਪਤਾ ਰਹੇ ਭੋਗਪੁਰ ਦੇ 16 ਸ਼ਰਧਾਲੂ
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਮਣੀਮਹੇਸ਼ ਦੀ ਯਾਤਰਾ ’ਤੇ ਗਏ ਭੋਗਪੁਰ ਇਲਾਕੇ ਦੇ ਦੋ ਕਾਰ ਡਰਾਈਵਰ ਤੇ ਪੱਤਰਕਾਰ ਸਣੇ 16 ਸ਼ਰਧਾਲੂ ਕਰੀਬ ਹਫ਼ਤਾ ਲਾਪਤਾ ਰਹੇ। ਪੱਤਰਕਾਰ ਜਸਵੀਰ ਸਿੰਘ ਸੈਣੀ ਨੇ ਅੱਜ ਸਵੇਰੇ ਚੰਬਾ ਸ਼ਹਿਰ ਨੇੜੇ ਆ ਕੇ ਫੋਨ ਕਰ ਕੇ ਉਨ੍ਹਾਂ ਦੇ ਸੁਰੱਖਿਅਤ ਹੋਣ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ 22 ਅਗਸਤ ਨੂੰ 16 ਸ਼ਰਧਾਲੂਆਂ ਦਾ ਜਥਾ ਮਣੀ ਮਹੇਸ਼ ਦੇ ਦਰਸ਼ਨਾਂ ਲਈ ਗਿਆ ਸੀ। ਚੰਬਾ ਜ਼ਿਲ੍ਹੇ ਦੇ ਭਰਮੌਰ ਵਿੱਚ ਬੱਦਲ ਫਟਣ ਕਾਰਨ ਸਾਰੇ ਰਸਤੇ ਬੰਦ ਹੋ ਗਏ। ਬਿਜਲੀ ਅਤੇ ਟਾਵਰ ਬੰਦ ਹੋਣ ਕਰ ਕੇ ਉਨ੍ਹਾਂ ਦੇ ਫੋਨ ਵੀ ਬੰਦ ਹੋ ਗਏ। ਉਹ ਪਹਾੜੀ ਰਸਤਿਆਂ ਰਾਹੀਂ ਕਰੀਬ 80 ਕਿਲੋਮੀਟਰ ਦਾ ਸਫ਼ਰ ਤਹਿ ਕਰ ਕੇ ਚੰਬਾ ਸ਼ਹਿਰ ਪੁੱਜੇ ਜਿੱਥੋਂ ਬੱਸਾਂ ਰਾਹੀਂ ਆਪਣੇ ਘਰਾਂ ਨੂੰ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਰਮੌਰ ਇਲਾਕੇ ’ਚ ਫਸੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਹਿਮਾਚਲ ਪ੍ਰਦੇਸ਼ ਸਰਕਾਰ ਕੋਈ ਸਹਾਇਤਾ ਨਹੀਂ ਕਰ ਰਹੀ। ਸਥਾਨਕ ਲੋਕ ਹੀ ਸ਼ਰਧਾਲੂਆਂ ਦੀ ਮਦਦ ਕਰ ਰਹੇ ਹਨ। ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਸ਼ਰਧਾਲੂਆਂ ਦੀ ਮਦਦ ਦੀ ਅਪੀਲ ਕੀਤੀ ਹੈ।