ਡੇਰਾ ਬਿਆਸ ਮੁਖੀ ਵੱਲੋਂ ਬਿਕਰਮ ਮਜੀਠੀਆ ਨਾਲ ਜੇਲ੍ਹ ’ਚ ਮੁਲਾਕਾਤ
ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਨਿਆਂਇਕ ਹਿਰਾਸਤ ’ਚ ਬੰਦ ਬਿਕਰਮ ਮਜੀਠੀਆ ਨੂੰ ਪਹਿਲਾਂ ਕਈ ਸੀਨੀਅਰ ਅਕਾਲੀ ਲੀਡਰ ਮਿਲਣ ਆਏ ਸਨ ਪਰ ਪ੍ਰਸ਼ਾਸਨ ਨੇ ਕਿਸੇ ਨੂੰ ਵੀ ਮਿਲਣ ਦੀ ਇਜਾਜ਼ਤ ਨਾ ਦਿੱਤੀ। ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਵਿਰਸਾ ਸਿੰਘ ਵਲਟੋਹਾ ਸਮੇਤ ਕਈ ਸੀਨੀਅਰ ਆਗੂਆਂ ਨੂੰ ਜੇਲ੍ਹ ਦੇ ਮੁੱਖ ਗੇਟ ਤੋਂ ਹੀ ਇਹ ਕਹਿ ਕੇ ਮੋੜ ਦਿੱਤਾ ਗਿਆ ਕਿ ਸਿਰਫ ਰਿਸ਼ਤੇਦਾਰ ਹੀ ਕੈਦੀਆਂ ਨੂੰ ਮਿਲ ਸਕਦੇ ਹਨ। ਇਸ ਮੌਕੇ ਨਾਭਾ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਕੈਦੀਆਂ ਵੱਲੋਂ ਆਪਣੇ 10 ਰਿਸ਼ਤੇਦਾਰਾਂ ਦੀ ਸੂਚੀ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਤੇ ਡੇਰਾ ਮੁਖੀ ਸ੍ਰੀ ਢਿੱਲੋਂ ਦਾ ਨਾਂ ਉਸ ਸੂਚੀ ਵਿੱਚ ਹੈ। ਉਹ ਬਿਕਰਮ ਮਜੀਠੀਆ ਦੇ ਸਹੁਰੇ ਪਰਿਵਾਰ ਵੱਲੋਂ ਰਿਸ਼ਤੇਦਾਰ ਹਨ।
‘ਆਪ’ ਵਿਧਾਇਕ ਨੂੰ ਮਿਲਣ ਤੋਂ ਇਨਕਾਰ
‘ਆਪ’ ਵਿਧਾਇਕ ਵੀ ਹੀਰਾ ਮਹਿਲ ਦੀ ਬੈਠਕ ਵਿੱਚ ਡੇਰਾ ਮੁਖੀ ਨੂੰ ਮਿਲਣ ਲਈ ਇੰਤਜ਼ਾਰ ਕਰ ਰਹੇ ਸਨ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ‘ਬਾਬਾ ਜੀ ਸਿਰਫ ਪਰਿਵਾਰ ਨੂੰ ਹੀ ਮਿਲਣਗੇ’ ਤੇ ਉਨ੍ਹਾਂ ਨੂੰ ਸਨਮਾਨ ਨਾਲ ਦੂਜੀ ਬੈਠਕ ਵਿੱਚ ਚੱਲਣ ਲਈ ਕਿਹਾ ਗਿਆ। ਇਸ ਤੋਂ ਕੁਝ ਖ਼ਫ਼ਾ ਹੋਏ ਵਿਧਾਇਕ ਹੀਰਾ ਮਹਿਲ ’ਚੋਂ ਉੱਠ ਕੇ ਚਲੇ ਗਏ। ਹਾਲਾਂਕਿ ਬਾਅਦ ਵਿੱਚ ਡੇਰਾ ਮੁਖੀ ਨੇ ਜਾਂਦੇ ਸਮੇਂ ਮਹਿਲ ਦੇ ਬਾਹਰ ਸ਼ਰਧਾਲੂਆਂ ਨਾਲ ਭੇਟ ਕੀਤੀ।