ਡੇਰਾ ਬਿਆਸ ਮੁਖੀ ਵੱਲੋਂ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ
ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿੱਚ ਨਤਮਸਤਕ ਹੋ ਕੇ ਨਿਹੰਗ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ। ਡੇਰਾ ਮੁਖੀ ਦਾ ਹੈਲੀਕਾਪਟਰ ਅੱਜ ਘਣੂਪੁਰ ਕਾਲੇ ਵਿੱਚ ਉਤਰਿਆ ਤੇ ਉਪਰੰਤ ਉਹ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ’ਚ ਪਹੁੰਚੇ। ਡੇਰਾ ਮੁਖੀ ਦੇ ਇਸ ਦੌਰੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। ਡੇਰਾ ਮੁਖੀ ਵੱਲੋਂ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿੱਚ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ ਦੋਵਾਂ ਦੇ ਆਪਸੀ ਪਿਆਰ ਤੇ ਨਿੱਘੇ ਰਿਸ਼ਤੇ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਉਹ ਬੁੱਢਾ ਦਲ ਦੇ ਮਾਝੇ ਦੇ ਹੈੱਡਕੁਆਰਟਰ ’ਚ ਸਤਿਕਾਰ ਵਜੋਂ ਦਰਸ਼ਨ ਕਰਨ ਆਏ ਹਨ। ਉਹ ਬੁੱਢਾ ਦਲ ਦਾ ਸਤਿਕਾਰ ਕਰਦੇ ਹਨ ਅਤੇ ਸੰਗਤ ਨੂੰ ਗੁਰੂ ਸਾਹਿਬ ਦੀ ਦਿੱਤੀਆਂ ਸਿੱਖਿਆਵਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਬਾਬਾ ਬਲਬੀਰ ਸਿੰਘ ਵੱਲੋਂ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਸਿਰੋਪ, ਸ੍ਰੀ ਸਾਹਿਬ ਤੇ ਬੁੱਢਾ ਦਲ ਦੀਆਂ ਇਤਿਹਾਸਕ ਪੁਸਤਕਾਂ ਭੇਟ ਕਰ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬੁੱਢਾ ਦਲ ਦੇ ਕਥਾਵਾਚਕ ਭਾਈ ਸੁਖਜੀਤ ਸਿੰਘ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਗੁਰਸ਼ੇਰ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਸੁੱਖਾ ਸਿੰਘ, ਬਾਬਾ ਸ਼ੇਰ ਸਿੰਘ ਆਦਿ ਹਾਜ਼ਰ ਸਨ।