ਡਿਪੋਰਟ ਹੋਏ ਨੌਜਵਾਨਾਂ ਨੇ ਸੁਣਾਈ ਤਸ਼ੱਦਦ ਦੀ ਹੱਡਬੀਤੀ
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹਰਿਆਣਾ ਦੇ 54 ਨੌਜਵਾਨਾਂ ਨੇ ਉੱਥੋਂ ਦੇ ਡਿਟੈਂਸ਼ਨ ਸੈਂਟਰਾਂ ਵਿੱਚ ਹੋਏ ਅਣਮਨੁੱਖੀ ਤਸ਼ੱਦਦ ਦੀ ਹੱਡਬੀਤੀ ਸੁਣਾਈ ਹੈ। ਪੀੜਤਾਂ ਅਨੁਸਾਰ ਉਨ੍ਹਾਂ ਨੂੰ ਮਹੀਨਿਆਂ ਤੱਕ ਜੇਲ੍ਹ ਵਰਗੇ ਹਾਲਾਤ ਵਿੱਚ ਰੱਖਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਗਰਮੀਆਂ ਵਿੱਚ...
Advertisement
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹਰਿਆਣਾ ਦੇ 54 ਨੌਜਵਾਨਾਂ ਨੇ ਉੱਥੋਂ ਦੇ ਡਿਟੈਂਸ਼ਨ ਸੈਂਟਰਾਂ ਵਿੱਚ ਹੋਏ ਅਣਮਨੁੱਖੀ ਤਸ਼ੱਦਦ ਦੀ ਹੱਡਬੀਤੀ ਸੁਣਾਈ ਹੈ। ਪੀੜਤਾਂ ਅਨੁਸਾਰ ਉਨ੍ਹਾਂ ਨੂੰ ਮਹੀਨਿਆਂ ਤੱਕ ਜੇਲ੍ਹ ਵਰਗੇ ਹਾਲਾਤ ਵਿੱਚ ਰੱਖਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਗਰਮੀਆਂ ਵਿੱਚ ਹੀਟਰ ਅਤੇ ਸਰਦੀਆਂ ਵਿੱਚ ਏ ਸੀ ਚਲਾ ਕੇ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਗ ਕੀਤਾ ਜਾਂਦਾ ਸੀ। ਖਾਣ-ਪੀਣ ਦੀ ਘਾਟ ਨੇ ਉਨ੍ਹਾਂ ਦੀ ਹਾਲਤ ਹੋਰ ਵਿਗਾੜ ਦਿੱਤੀ। ਇਹ ਸਾਰੇ ਨੌਜਵਾਨ ਮੈਕਸਿਕੋ ਦੇ ਖ਼ਤਰਨਾਕ ਰਸਤੇ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਏ ਸਨ। ਇੱਕ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੇ 14 ਮਹੀਨਿਆਂ ਤੱਕ ਇਹ ਤਸ਼ੱਦਦ ਝੱਲਿਆ। ਨੌਜਵਾਨਾਂ ਨੇ ਡਿਟੈਂਸ਼ਨ ਸੈਂਟਰਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦਾ ਦਾਅਵਾ ਕਰਦਿਆਂ ਆਪਣੇ ਭਵਿੱਖ ’ਤੇ ਚਿੰਤਾ ਪ੍ਰਗਟਾਈ ਹੈ। ਡਿਪੋਰਟ ਕੀਤੇ ਗਏ ਇਨ੍ਹਾਂ ਨੌਜਵਾਨਾਂ ਵਿੱਚ ਸਭ ਤੋਂ ਵੱਧ 16 ਕਰਨਾਲ, 14 ਕੈਥਲ, 5-5 ਅੰਬਾਲਾ ਅਤੇ ਕੁਰੂਕਸ਼ੇਤਰ, 4 ਜੀਂਦ ਅਤੇ 3 ਫਤਿਹਾਬਾਦ ਜ਼ਿਲ੍ਹੇ ਨਾਲ ਸਬੰਧਤ ਹਨ। ਕੁਝ ਨੌਜਵਾਨ ਰੋਹਤਕ, ਹਿਸਾਰ ਅਤੇ ਪਲਵਲ ਦੇ ਵੀ ਦੱਸੇ ਜਾ ਰਹੇ ਹਨ।
ਇਸ ਦੌਰਾਨ ਮੰਤਰੀ ਅਨਿਲ ਵਿਜ ਨੇ ਅਮਰੀਕਾ ਵੱਲੋਂ 50 ਦੇ ਕਰੀਬ ਹਰਿਆਣਵੀ ਨੌਜਵਾਨਾਂ ਨੂੰ ਬੇੜੀਆਂ ਪਾ ਕੇ ਡਿਪੋਰਟ ਕਰਨ ਨੂੰ ਗੈਰ-ਮਨੁੱਖੀ ਕਰਾਰ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਵਾਪਸ ਭੇਜਣ ਦੌਰਾਨ ਮਨੁੱਖਤਾ ਦਾ ਧਿਆਨ ਰੱਖਣਾ ਚਾਹੀਦਾ ਸੀ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਨੇ ਨੌਜਵਾਨਾਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟਾਂ ’ਤੇ ਸ਼ਿਕੰਜਾ ਕੱਸਣ ਲਈ ਨੀਤੀ ਤਿਆਰ ਕੀਤੀ ਹੈ ਅਤੇ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Advertisement
Advertisement
