Deported From USA: ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਵਿੱਚੋਂ ਪੰਜ ਟਾਂਡਾ ਦੇ
ਸੁਰਿੰਦਰ ਸਿੰਘ ਗੁਰਾਇਆ
ਟਾਂਡਾ,16 ਫ਼ਰਵਰੀ
ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆਂ ਵਿਚੋਂ ਪੰਜ ਟਾਂਡਾ ਇਲਾਕੇ ਦੇ ਹਨ। ਇਹ ਪੰਜ ਨੌਜਵਾਨ ਅੱਜ ਸਵੇਰੇ ਆਪਣੇ ਪਰਿਵਾਰਾਂ ਨੂੰ ਮਿਲੇ। ਅੰਮ੍ਰਿਤਸਰ ਏਅਰਪੋਰਟ ਤੋਂ ਲਿਆਂਦੇ ਗਏ ਇਨ੍ਹਾਂ ਨੌਜਵਾਨਾਂ ਵਿਚ ਦਲਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਕੁਰਾਲਾ ਕਲਾਂ, ਹਰਮਨਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਚੌਹਾਨਾਂ, ਹਰਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਮੁਹੱਲਾ ਬਾਰਾਦਰੀ ਟਾਂਡਾ, ਦਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨੰਗਲੀ (ਜਲਾਲਪੁਰ), ਮਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਮਿਆਣੀ ਸ਼ਾਮਲ ਹਨ। ਇਨ੍ਹਾਂ ਨੌਜਵਾਨਾਂ ਨੂੰ ਇਥੋਂ ਦੇ ਡੀਐੱਸਪੀ ਦਫਤਰ ਵਿਚ ਵਿਧਾਇਕ ਜਸਵੀਰ ਸਿੰਘ ਰਾਜਾ, ਡੀਐੱਸਪੀ ਦਵਿੰਦਰ ਸਿੰਘ ਬਾਜਵਾ ਅਤੇ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਨੇ ਉਨ੍ਹਾਂ ਦੇ ਪਰਿਵਾਰਾਂ ਦੇ ਸਪੁਰਦ ਕੀਤਾ। ਇਸ ਮੌਕੇ ਸਾਰੇ ਨੌਜਵਾਨਾਂ ਨੇ ਭਾਵੁਕਤਾ ਭਰੇ ਮਾਹੌਲ ਵਿਚ ਅਮਰੀਕਾ ਜਾਣ ਦੇ ਸਫ਼ਰ ਦੀਆਂ ਦੁਸ਼ਵਾਰੀਆਂ ਅਤੇ ਹੁਣ ਜ਼ੰਜੀਰਾਂ ਵਿਚ ਜਕੜ ਕੇ ਭਾਰਤ ਵਾਪਸੀ ਬਾਰੇ ਦੱਸਿਆ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਆਖਿਆ ਕਿ ਸਰਕਾਰ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਮਦਦ ਕੀਤੀ ਜਾਵੇਗੀ ਅਤੇ ਇਨ੍ਹਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਕਰਨ ਦੇ ਨਾਲ ਨਾਲ ਇਨ੍ਹਾਂ ਦੀ ਰਕਮ ਵਾਪਸ ਕਰਵਾਉਣ ਦੇ ਯਤਨ ਕੀਤੇ ਜਾਣਗੇ।