ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਨੂੰ ਮੁੜ ਵੱਜਿਆ ਡੇਂਗੂ ਦਾ ਡੰਗ

ਪੰਜ ਜ਼ਿਲ੍ਹੇ ਡੇਂਗੂ ਦੇ ਹੌਟਸਪੌਟ ਬਣੇ; ਪਿਛਲੇ ਸਾਲ ਦੇ ਮੁਕਾਬਲੇ ਮਰੀਜ਼ਾਂ ਦੀ ਦਰ ਵਧੀ; ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ
Advertisement
ਡੇਂਗੂ ਦੇ ਕਹਿਰ ਨੇ ਪੰਜਾਬ ਨੂੰ ਮੁੜ ਝੰਬ ਕੇ ਰੱਖ ਦਿੱਤਾ ਹੈ। ਹਸਪਤਾਲਾਂ ਦੇ ਡੇਂਗੂ ਵਾਰਡਾਂ ’ਚ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। ਹੜ੍ਹਾਂ ਦੇ ਕਹਿਰ ਮਗਰੋਂ ਸੂਬੇ ’ਚ ਡੇਂਗੂ ਦੇ ਕੇਸ ਵਧਣ ਕਰਕੇ ਪੀੜਤ ਮਾਨਸਿਕ ਦਬਾਅ ਹੇਠ ਵੀ ਹਨ; ਹਾਲਾਂਕਿ ਪਿਛਲੇ ਸਾਲ ਡੇਂਗੂ ਦੇ ਕੇਸਾਂ ਦਾ ਅੰਕੜਾ ਘਟਿਆ ਸੀ ਪਰ ਇਸ ਵਾਰ ਪੀੜਤਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਜਦੋਂ ਤੱਕ ਤਾਪਮਾਨ ’ਚ ਕਮੀ ਨਹੀਂ ਆਉਂਦੀ, ਉਦੋਂ ਤੱਕ ਡੇਂਗੂ ਦਾ ਖ਼ਤਰਾ ਬਰਕਰਾਰ ਰਹਿ ਸਕਦਾ ਹੈ।

ਸੂਬੇ ਦੇ ਪੰਜ ਜ਼ਿਲ੍ਹੇ ਡੇਂਗੂ ਦੀ ਮਾਰ ਹੇਠ ਹਨ। ਪਟਿਆਲਾ ਜ਼ਿਲ੍ਹੇ ’ਚ ਡੇਂਗੂ ਦੇ ਹੁਣ ਤੱਕ ਸਭ ਤੋਂ ਵੱਧ 469 ਕੇਸ ਸਾਹਮਣੇ ਆਏ ਹਨ; ਲੁਧਿਆਣਾ ’ਚ 268, ਫ਼ਾਜ਼ਿਲਕਾ ’ਚ 190, ਬਠਿੰਡਾ ’ਚ 148 ਅਤੇ ਫ਼ਰੀਦਕੋਟ ’ਚ 142 ਕੇਸਾਂ ਦੀ ਤਸਦੀਕ ਹੋਈ ਹੈ। ਐਤਵਾਰ ਤੱਕ 53,782 ਟੈਸਟ ਹੋਏ ਜਿਨ੍ਹਾਂ ’ਚੋਂ 2625 ਪਾਜ਼ੇਟਿਵ ਕੇਸ ਮਿਲੇ ਹਨ। ਪਿਛਲੇ ਵਰ੍ਹੇ ਇਸ ਤਰੀਕ ਤੱਕ ਡੇਂਗੂ ਦੇ 2634 ਕੇਸ ਸਾਹਮਣੇ ਆਏ ਸਨ; 2023 ’ਚ ਇਸ ਸਮੇਂ ਤੱਕ 8611 ਕੇਸਾਂ ਦੀ ਪੁਸ਼ਟੀ ਹੋਈ ਸੀ। ਚੇਤੇ ਰਹੇ ਕਿ ਸਾਲ 2023 ’ਚ ਵੀ ਹੜ੍ਹ ਆਏ ਸਨ। ਦੋ ਸਾਲਾਂ ਦੇ ਮੁਕਾਬਲੇ ’ਚ ਡੇਂਗੂ ਦੇ ਕੇਸ ਘਟੇ ਹਨ ਪਰ ਪਿਛਲੇ ਸਾਲ ਦੇ ਮੁਕਾਬਲੇ ’ਚ ਕੇਸ ਵਧੇ ਹਨ। ਐਤਕੀਂ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਡੇਂਗੂ ਦੀ ਮਾਰ ਤੋਂ ਨਹੀਂ ਬਚਿਆ ਹੈ। ਪੰਜਾਬ ਸਰਕਾਰ ਨੇ 881 ‘ਆਪ’ ਕਲੀਨਿਕਾਂ ’ਚ ਡੇਂਗੂ ਦੇ ਟੈਸਟ ਸ਼ੁਰੂ ਕੀਤੇ ਹਨ।

Advertisement

ਹੜ੍ਹਾਂ ਵਾਲੇ ਜ਼ਿਲ੍ਹਿਆਂ ’ਚ ਡੇਂਗੂ ਦੇ ਕੇਸ ਘਟੇ ਹਨ। ਗੁਰਦਾਸਪੁਰ ਜ਼ਿਲ੍ਹੇ ’ਚ ਸਿਰਫ਼ 91 ਕੇਸਾਂ ਦੀ ਤਸਦੀਕ ਹੋਈ ਹੈ; ਤਰਨ ਤਾਰਨ ਜ਼ਿਲ੍ਹੇ ’ਚ 35 ਕੇਸ ਸਾਹਮਣੇ ਆਏ ਹਨ। ਸਰਕਾਰ ਨੇ ‘ਡੇਂਗੂ ਤੇ ਵਾਰ’ ਮੁਹਿੰਮ ਨੂੰ ਤੇਜ਼ ਕਰਦਿਆਂ ਹਰ ਸ਼ੁੱਕਰਵਾਰ ਸਫ਼ਾਈ ਅਤੇ ਫੌਗਿੰਗ ’ਤੇ ਜ਼ੋਰ ਦਿੱਤਾ ਹੈ। 2019 ਤੋਂ ਹੁਣ ਤੱਕ ਪੰਜਾਬ ’ਚ ਡੇਂਗੂ ਨਾਲ 184 ਮੌਤਾਂ ਹੋ ਚੁੱਕੀਆਂ ਹਨ। 2024 ’ਚ ਡੇਂਗੂ ਨਾਲ 13, 2023 ’ਚ 39 ਅਤੇ 2022 ’ਚ 41 ਮੌਤਾਂ ਹੋਈਆਂ; 2021 ’ਚ 55, 2020 ’ਚ 22 ਅਤੇ ਸਾਲ 2019 ’ਚ 14 ਲੋਕਾਂ ਦੀ ਜਾਨ ਗਈ ਸੀ।

ਹਰਿਆਣਾ ਦੇ ਮੁਕਾਬਲੇ ਪੰਜਾਬ ’ਚ ਡੇਂਗੂ ਦੇ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਪੰਜਾਬ ’ਚ ਅਗਸਤ ਤੱਕ 467 ਜਦੋਂ ਕਿ ਹਰਿਆਣਾ ’ਚ 298 ਕੇਸ ਸਾਹਮਣੇ ਆਏ। ਵੇਰਵਿਆਂ ਮੁਤਾਬਕ ਪੰਜਾਬ ’ਚ ਚਿਕਨਗੁਨੀਆ ਦੇ ਕੇਸ ਵੀ ਵਧੇ ਹਨ। ਚਿਕਨਗੁਨੀਆ ਦੀ ਵਧੇਰੇ ਮਾਰ ਸੰਗਰੂਰ, ਪਟਿਆਲਾ, ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਹੈ। ਅੰਕੜੇ ਦੇਖੀਏ ਤਾਂ 26 ਅਕਤੂਬਰ ਤੱਕ ਸੂਬੇ ’ਚ 307 ਕੇਸ ਤਸਦੀਕ ਹੋਏ ਹਨ ਜਦੋਂ ਕਿ ਪਿਛਲੇ ਸਾਲ ਇਸ ਸਮੇਂ ਤੱਕ 96 ਕੇਸ ਸਾਹਮਣੇ ਆਏ ਸਨ।

ਡੇਂਗੂ ਕੇਸਾਂ ’ਚ 70 ਫ਼ੀਸਦੀ ਕਮੀ: ਸਿਹਤ ਮੰਤਰੀ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ’ਚ ਡੇਂਗੂ ਅਤੇ ਚਿਕਨਗੁਨੀਆ ਦੇ ਕੇਸਾਂ ’ਚ ਸਾਲ 2023 ਦੇ ਮੁਕਾਬਲੇ 70 ਫ਼ੀਸਦੀ ਦੀ ਰਿਕਾਰਡ ਕਮੀ ਆਈ ਹੈ। ਡੇਂਗੂ ਨਾਲ ਮੌਤਾਂ ’ਚ 2023 ਦੇ ਮੁਕਾਬਲੇ 80 ਫ਼ੀਸਦੀ ਕਮੀ ਆਈ ਹੈ; ਹਾਲਾਂਕਿ 2023 ਤੇ ਮੌਜੂਦਾ ਸਾਲ ਦੌਰਾਨ ਹੜ੍ਹਾਂ ਕਾਰਨ ਮੌਸਮੀ ਹਾਲਾਤ ਇੱਕੋ ਜਿਹੇ ਹਨ। ਹੜ੍ਹਾਂ ਦੇ ਬਾਵਜੂਦ ਸਰਕਾਰ ਵੱਲੋਂ ਚਲਾਈ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਨੇ ਡੇਂਗੂ ਦੇ ਪਸਾਰ ਨੂੰ ਰੋਕਿਆ ਹੈ। ਸਿਹਤ ਵਿਭਾਗ ਦੀਆਂ ਚਾਰ ਹਜ਼ਾਰ ਟੀਮਾਂ ਨੇ 1.10 ਕਰੋੜ ਘਰਾਂ ’ਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ।

 

 

 

Advertisement
Show comments