ਬਠਿੰਡਾ ਵਿੱਚ ਡੇਂਗੂ ਦਾ ਕਹਿਰ; 522 ਥਾਵਾਂ ਤੋਂ ਮਿਲਿਆ ਲਾਰਵਾ
Dengue Cases: ਬਠਿੰਡਾ ਸ਼ਹਿਰ ਵਿੱਚ ਡੇਂਗੂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹਰ ਸਾਲ ਸੈਂਕੜੇ ਲੋਕ ਡੇਂਗੂ ਦੀ ਚਪੇਟ ਵਿੱਚ ਆ ਰਹੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਫੋਗਿੰਗ ’ਤੇ ਹਰ ਸਾਲ ਲੱਖਾਂ ਰੁਪਏ ਖਰਚੇ ਜਾ ਰਹੇ ਹਨ ਪਰ ਫਿਰ ਵੀ ਡੇਂਗੂ ਦਾ ਡੰਕ ਰੁਕਣ ਦਾ ਨਾਮ ਨਹੀਂ ਲੈ ਰਿਹਾ।
ਸਿਵਲ ਸਰਜਨ ਦਫ਼ਤਰ ਬਠਿੰਡਾ ਤੋਂ ਮਿਲੀ ਜਾਣਕਾਰੀ ਅਨੁਸਾਰ, ਸਾਲ 2024 ਤੋਂ ਜੁਲਾਈ 2025 ਤੱਕ ਸ਼ਹਿਰ ਵਿੱਚ ਕੁੱਲ 522 ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਬਠਿੰਡਾ ਦੇ ਆਰ.ਟੀ.ਆਈ. ਕਾਰਕੁੰਨ ਸੰਜੀਵ ਗੋਇਲ ਨੂੰ ਸਿਹਤ ਮਹਿਕਮੇ ਨੂੰ 8 ਅਗਸਤ 2025 ਦੇ ਜਵਾਬ ਵਿੱਚ ਕੁਝ ਅੰਕੜੇ ਮਿਲੇ ਹਨ। ਸੰਜੀਵ ਨੇ ਰਿਪੋਰਟ ਬਾਰੇ ਖੁਲਾਸਾ ਕੀਤਾ ਕਿ ਸਾਲ 2024 ਵਿੱਚ ਕੁੱਲ 285 ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ ਸੀ, ਜਦੋਂਕਿ ਸਾਲ 2025 ਵਿੱਚ (ਜੁਲਾਈ ਦੇ ਅੰਤ ਤੱਕ) 237 ਥਾਵਾਂ ਤੋਂ ਲਾਰਵਾ ਮਿਲ ਚੁੱਕਾ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਲ ਦੇ ਅੰਤ ਤੱਕ ਇਹ ਗਿਣਤੀ 2024 ਤੋਂ ਵੱਧ ਹੋ ਸਕਦੀ ਹੈ।
ਮਹੀਨੇ ਅਨੁਸਾਰ ਡੇਂਗੂ ਲਾਰਵਾ ਦੇ ਕੇਸਾਂ ਦੀ ਗਿਣਤੀ:
ਮਈ 2024 — 0
ਜੂਨ 2024 — 0
ਜੁਲਾਈ 2024 — 38
ਅਗਸਤ 2024 — 42
ਸਤੰਬਰ 2024 — 62
ਅਕਤੂਬਰ 2024 — 54
ਨਵੰਬਰ 2024 — 81
ਅਪ੍ਰੈਲ 2025 — 0
ਮਈ 2025 — 62
ਜੂਨ 2025 — 94
ਜੁਲਾਈ 2025 — 80
ਕੁੱਲ ਗਿਣਤੀ: 522 ਕੇਸ
ਸਭ ਤੋਂ ਵੱਧ ਲਾਰਵਾ ਮਿਲਣ ਵਾਲਾ ਮਹੀਨਾ ਜੂਨ 2025 ਰਿਹਾ ਜਿਸ ਵਿੱਚ 94 ਥਾਵਾਂ ਤੋਂ ਡੇਂਗੂ ਲਾਰਵਾ ਮਿਲਿਆ। ਦੂਜੇ ਨੰਬਰ ‘ਤੇ ਜੁਲਾਈ 2025 ਵਿੱਚ 80 ਮਾਮਲੇ ਅਤੇ ਤੀਜੇ ਨੰਬਰ ‘ਤੇ ਸਤੰਬਰ 2024 ਵਿੱਚ 62 ਮਾਮਲੇ ਸਾਹਮਣੇ ਆਏ। ਭਾਵੇਂ ਪ੍ਰਸ਼ਾਸਨ ਵੱਲੋਂ ਨਿਯਮਿਤ ਤੌਰ ’ਤੇ ਸਕੂਲਾਂ, ਦਫ਼ਤਰਾਂ, ਦੁਕਾਨਾਂ ਅਤੇ ਘਰਾਂ ਵਿੱਚ ਜਾਂਚਾਂ ਕੀਤੀਆਂ ਜਾਂਦੀਆਂ ਹਨ ਪਰ ਫਿਰ ਵੀ ਡੇਂਗੂ ਹਰ ਸਾਲ ਆਪਣੇ ਪੈਰ ਵਧਾ ਰਿਹਾ ਹੈ।