ਡੇਂਗੂ ਦਾ ਕਹਿਰ: ਨਾਭਾ ਵਿੱਚ 85 ਕੇਸ ਸਾਹਮਣੇ ਆਏ
ਸਿਹਤ ਮੰਤਰੀ ਵੱਲੋਂ ਨਾਭਾ ਹਸਪਤਾਲ ਦਾ ਦੌਰਾ; ਫੌਗਿੰਗ ਤੇਜ਼ ਕਰਨ ਦੇ ਹੁਕਮ/ਸੂਬੇ ਵਿੱਚ ਸਿਹਤ ਸੇਵਾਵਾਂ ਮਜ਼ਬੂਤ ਕਰਨ ਦਾ ਦਾਅਵਾ
ਸਿਹਤ ਮੰਤਰੀ ਦੇ ਦੌਰੇ ਮੌਕੇ ਨਰਸਾਂ ਵੱਲੋਂ ਪ੍ਰਦਰਸ਼ਨ
ਸਿਹਤ ਮੰਤਰੀ ਦੇ ਨਾਭਾ ਦੌਰੇ ਮੌਕੇ ਹਸਪਤਾਲ ਦੇ ਨਰਸਿੰਗ ਸਟਾਫ ਨੇ ਬੈਨਰ ਫੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਨਾਭਾ ਹਸਪਤਾਲ ਵਿੱਚ ਸਿਰਫ਼ 12 ਨਰਸਾਂ ਹਨ। ਇਨ੍ਹਾਂ ਨੂੰ ਤਿੰਨ ਸ਼ਿਫਟਾਂ ਵਿੱਚ ਵੰਡੇ ਜਾਣ ਕਾਰਨ ਹਰੇਕ ਉੱਪਰ ਵਾਧੂ ਬੋਝ ਰਹਿੰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਮਰੀਜ਼ਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਰਤਿੰਦਰ ਕੌਰ ਨੇ ਦੱਸਿਆ ਕਿ 12 ਵਿੱਚੋਂ ਵੀ ਦੋ ਨਰਸਾਂ ਦੀ ਡਿਊਟੀ ਸਮਾਣਾ ਹਸਪਤਾਲ ’ਚ ਲਗਾ ਦਿੱਤੀ ਜਾਂਦੀ ਹੈ। ਵਾਰਡ, ਅਪਰੇਸ਼ਨ ਥੀਏਟਰ, ਜਣੇਪਾ, ਐਮਰਜੈਂਸੀ ਸੇਵਾਵਾਂ ਚੱਲਦੀਆਂ ਰੱਖਣ ਲਈ ਇੱਥੇ ਘੱਟੋ-ਘੱਟ 35 ਨਰਸਿੰਗ ਸਟਾਫ ਦੀ ਤਾਇਨਾਤੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਹਸਪਤਾਲ ’ਚ ਇੱਕ ਹੀ ਸਫਾਈ ਸੇਵਕ ਹੈ। ਉਨ੍ਹਾਂ ਨਵੀਂ ਭਰਤੀ ਵਿੱਚ ਤਨਖ਼ਾਹ ਘਟਾਉਣ ਦਾ ਵੀ ਵਿਰੋਧ ਕੀਤਾ। ਇਸ ਮੌਕੇ ਡਾ. ਬਲਬੀਰ ਸਿੰਘ ਉਨ੍ਹਾਂ ਨੂੰ ਕੋਈ ਉੱਤਰ ਜਾਂ ਤਸੱਲੀ ਦਿੱਤੇ ਬਿਨਾਂ ਹੀ ਅੱਗੇ ਵਧ ਗਏ।
Advertisement
ਮੋਹਿਤ ਸਿੰਗਲਾ
ਨਾਭਾ ਵਿੱਚ ਡੇਂਗੂ ਦੇ ਵੱਡੀ ਗਿਣਤੀ ਮਰੀਜ਼ ਸਾਹਮਣੇ ਆ ਰਹੇ ਹਨ। ਜਾਣਕਾਰੀ ਮੁਤਾਬਕ ਪੂਰੇ ਜ਼ਿਲ੍ਹੇ ਵਿੱਚ ਡੇਂਗੂ ਦੇ 168 ਕੇਸ ਆਏ ਹਨ। ਇਸ ਵਿੱਚੋਂ ਸਿਰਫ਼ ਨਾਭਾ ਵਿੱਚ 85 ਕੇਸ ਡੇਂਗੂ ਦੇ ਪਾਏ ਗਏ ਹਨ।
Advertisement
ਇਸ ਬਾਬਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਨਾਭਾ ਹਸਪਤਾਲ ਦਾ ਦੌਰਾ ਕੀਤਾ। ਇਲਾਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਉਨ੍ਹਾਂ ਨੇ ਵੱਧ ਖ਼ਤਰੇ ਵਾਲੇ ਇਲਾਕਿਆਂ ਵਿੱਚ ਫੌਗਿੰਗ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਮੰਤਰੀ ਦੇ ਨਾਭਾ ਪਹੁੰਚਣ ’ਤੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸਵਾਗਤ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਹਾਲ ਹੀ ਵਿੱਚ 472 ਡਾਕਟਰ ਭਰਤੀ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 33 ਪਟਿਆਲਾ ਜ਼ਿਲ੍ਹੇ ਵਿੱਚ ਤਾਇਨਾਤ ਕੀਤੇ ਗਏ। ਉਨ੍ਹਾਂ ਕਿਹਾ ਕਿ 500 ਨਰਸਾਂ ਦੀ ਭਰਤੀ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ ਤੇ ਨਵੰਬਰ ਤੱਕ ਹੋਰ 500 ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ।
Advertisement