ਰਾਜਸਥਾਨ ’ਚ ਸ਼ਹੀਦੀ ਪੁਰਬ ਮਨਾਉਣ ਦੀ ਮੰਗ
ਦਲਬੀਰ ਸੱਖੋਵਾਲੀਆ
ਡਾ. ਅੰਬੇਡਕਰ ਚੈਂਬਰ ਆਫ ਕਾਮਰਸ (ਡੀ ਏ ਸੀ ਸੀ) ਦਾ ਵਫ਼ਦ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਮਿਲਿਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ 350ਵੇਂ ਸ਼ਹੀਦੀ ਪੁਰਬ ਮੌਕੇ ਰਾਜਸਥਾਨ ਵਿੱਚ ਧਾਰਮਿਕ ਸਮਾਗਮ ਕਰਵਾਉਣ ਦੀ ਮੰਗ ਕੀਤੀ। ਇਸ ਵਫ਼ਦ ਦੀ ਅਗਵਾਈ ਡੀ ਏ ਸੀ ਸੀ ਦੇ ਡਾਇਰੈਕਟਰ ਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਇੰਦਰਇਕਬਾਲ ਸਿੰਘ ਅਟਵਾਲ ਨੇ ਕੀਤੀ। ਸ੍ਰੀ ਅਟਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਦਾ ਦਿੱਲੀ ਦੇ ਚਾਂਦਨੀ ਚੌਕ ਵਿਚੋਂ ਸੀਸ ਲੈ ਕੇ ਆਉਣ ਵਾਲੇ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਅਤੇ ਉਨ੍ਹਾਂ ਦੇ ਪਰਿਵਾਰ ਦੇ ਯੋਗਦਾਨ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। 350 ਸਾਲਾ ਸ਼ਹੀਦੀ ਪੁਰਬ ਸਬੰਧੀ ਪੂਰੇ ਦੇਸ਼ ਵਿੱਚ ਸੂਬਾ ਸਰਕਾਰਾਂ ਵੱਲੋਂ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ ਇਲਾਵਾ ਹਨੂੰਮਾਨਗੜ੍ਹ, ਅਲਵਰ, ਜੈਪੁਰ, ਬੀਕਾਨੇਰ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਸਿੱਖ ਆਬਾਦੀ ਵੱਡੀ ਗਿਣਤੀ ਵਿੱਚ ਰਹਿੰਦੀ ਹੈ। ਮੁੱਖ ਮੰਤਰੀ ਨੇ ਵਫ਼ਦ ਦੀ ਮੰਗ ’ਤੇ ਹਮਦਰਦੀ ਨਾਲ ਵਿਚਾਰ ਕਰਦਿਆਂ ਭਰੋਸਾ ਦਿੱਤਾ ਕਿ ਅਗਲੇ ਦਿਨਾਂ ਦੌਰਾਨ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ। ਵਫ਼ਦ ਵਿੱਚ ਸਰਬੱਤ ਖ਼ਾਲਸਾ ਦੇ ਸੂਬਾ ਪ੍ਰਧਾਨ ਅਤੇ ਗੁਰਦੁਆਰਾ ਗੁਰੂ ਨਾਨਕਸਰ ਦੇ ਪ੍ਰਧਾਨ ਲਖਬੀਰ ਸਿੰਘ ਲੱਖਾ, ਜਸਜੀਤ ਸਿੰਘ ਸਹੋਤਾ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਨਿਰੰਜਨ ਸਿੰਘ, ਹਰਸਿਮਰਨਜੀਤ ਸਿੰਘ ਤੇ ਰਾਜ ਕੁਮਾਰ ਹਾਜ਼ਰ ਸਨ।
