ਫਿਲਮ ‘ਨਿੱਕਾ ਜ਼ੈਲਦਾਰ 4’ ’ਤੇ ਪਾਬੰਦੀ ਲਗਾਉਣ ਦੀ ਮੰਗ
(ਗੁਰਿੰਦਰ ਸਿੰਘ): ਭਾਜਪਾ ਦੇ ਕੌਮੀ ਆਗੂ ਅਤੇ ਪੰਜਾਬ ਕਲਾਕਾਰ ਮੰਚ ਦੇ ਸਰਪ੍ਰਸਤ ਸੁਖਮਿੰਦਰਪਾਲ ਸਿੰਘ ਗਰੇਵਾਲ ਭੁਖੜੀ ਕਲਾਂ ਨੇ ਪੰਜਾਬੀ ਫਿਲਮ ‘ਨਿੱਕਾ ਜ਼ੈਲਦਾਰ 4’ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇੱਥੇ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਫਿਲਮ ਦੇ ਟਰੇਲਰ ਵਿੱਚ ਅਦਾਕਾਰਾ ਸੋਨਮ ਬਾਜਵਾ ਨੇ ਸਿਗਰਟ ਫੜੀ ਹੋਈ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਸਿੱਖ ਰਹਿਤ ਮਰਿਆਦਾ ਦੀਆਂ ਚਾਰ ਸਭ ਤੋਂ ਵੱਡੀਆਂ ਮਨਾਹੀਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਸਿੱਖ ਘਰਾਣਿਆਂ ਦੇ ਪੁਰਸ਼ ਵੀ ਤੰਬਾਕੂ ਨੂੰ ਹੱਥ ਨਹੀਂ ਲਾਉਂਦੇ ਪਰ ਫਿਲਮਕਾਰ ਨੇ ਸਿੱਖ ਔਰਤ ਨੂੰ ਸਿਗਰਟ ਪੀਂਦੀ ਦਿਖਾਇਆ ਹੈ, ਜੋ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ ਅਤੇ ਸਿੱਖ ਔਰਤਾਂ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਅਣਜਾਣੇ ਵਿੱਚ ਹੋਈ ਗ਼ਲਤੀ ਨਹੀਂ ਹੈ ਬਲਕਿ ਇਹ ਨਵੀਂ ਪੀੜ੍ਹੀ ਦੇ ਮਨਾਂ ਨੂੰ ਗੰਦਗੀ ਨਾਲ ਭਰਨ ਅਤੇ ਸਿੱਖ ਔਰਤਾਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਜੇ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਸਮਾਜ ’ਤੇ ਇਸ ਦਾ ਗ਼ਲਤ ਪ੍ਰਭਾਵ ਪਵੇਗਾ। ਸ੍ਰੀ ਗਰੇਵਾਲ ਨੇ ਕਿਹਾ ਕਿ ਸੁਪਰੀਮ ਕੋਰਟ, ਕੇਂਦਰੀ ਸੂਚਨਾ ਤੇ ਪ੍ਰਸਾਰਨ ਸਣੇ ਕੇਂਦਰੀ ਫਿਲਮ ਸੈਂਸਰ ਬੋਰਡ ਨੂੰ ਤੁਰੰਤ ਸਖ਼ਤ ਕਾਰਵਾਈ ਕਰਦਿਆਂ ਇਸ ਫਿਲਮ ’ਤੇ ਰੋਕ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਗ਼ਲਤੀ ਲਈ ਜ਼ਿੰਮੇਵਾਰਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਹਰ ਪੰਜਾਬੀ ਅਤੇ ਖ਼ਾਸ ਕਰ ਕੇ ਸਿੱਖ ਔਰਤਾਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।