ਦਿੱਲੀ ਦੀ ਟੀਮ ਦਾ ਸ਼ੌਰਿਆ ਸਿਟੀ ਵਿੱਚ ਛਾਪਾ
ਇਥੋਂ ਦੀ ਸ਼ੌਰਿਆ ਸਿਟੀ ਦੇ ਫਲੈਟ ਵਿੱਚ ਦਿੱਲੀ ਤੋਂ ਆਈ ਸਾਈਬਰ ਕਰਾਈਮ ਦੀ ਟੀਮ ਨੇ ਛਾਪਾ ਮਾਰ ਕੇ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਕਾਬੂ ਕੀਤੇ ਨੌਜਵਾਨਾਂ ’ਚ ਕੁਝ ਜੰਮੂ ਕਸ਼ਮੀਰ ਤੇ ਕੁਝ ਸਥਾਨਕ ਨੌਜਵਾਨ ਸ਼ਾਮਲ ਹਨ। ਦੇਰ ਰਾਤ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਸ਼ੌਰਿਆ ਸਿਟੀ ਵਿੱਚ ਛਾਪਾ ਮਾਰਿਆ। ਇਸ ਮੌਕੇ ਬਨੂੜ ਪੁਲੀਸ ਦੇ ਮੁਲਾਜ਼ਮ ਵੀ ਮੌਜੂਦ ਸਨ। ਜਦੋਂ ਟੀਮ ਨੇ ਕਲੋਨੀ ਵਾਸੀਆਂ ਨੂੰ ਸਾਈਬਰ ਠੱਗੀ ਬਾਰੇ ਦੱਸਿਆ ਤਾਂ ਲੋਕ ਆਪਣੇ ਘਰਾਂ ਨੂੰ ਪਰਤ ਗਏ। ਇਸ ਦੌਰਾਨ ਟੀਮ ਨੇ ਫਲੈਟ ’ਚੋਂ ਲੈਪਟਾਪ ਤੇ ਕੁਝ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ। ਕਾਬੂ ਕੀਤੇ ਨੌਜਵਾਨਾਂ ਨੇ ਕੁਝ ਹੋਰ ਨੌਜਵਾਨਾਂ ਦਾ ਵੀ ਜ਼ਿਕਰ ਕੀਤਾ ਤਾਂ ਟੀਮ ਨੇ ਉਨ੍ਹਾਂ ਨੂੰ ਫੋਨ ਕਰ ਕੇ ਮੌਕੇ ’ਤੇ ਬੁਲਾਉਣ ਉਪਰੰਤ ਹਿਰਾਸਤ ’ਚ ਲੈ ਲਿਆ। ਕਸ਼ਮੀਰੀ ਨੌਜਵਾਨ ਇੱਥੋਂ ਦੇ ਨਿੱਜੀ ਕਾਲਜ ਦੇ ਵਿਦਿਆਰਥੀ ਹਨ। ਦਿੱਲੀ ਤੋਂ ਆਈ ਟੀਮ ਨੇ ਦੱਸਿਆ ਕਿ ਡਿਜੀਟਲ ਠੱਗੀ ਤਹਿਤ 60 ਤੋਂ 70 ਲੱਖ ਦੀ ਰਾਸ਼ੀ ਬੈਂਕ ’ਚੋਂ ਕਢਾਉਣ ਦੇ ਮਾਮਲੇ ਤਹਿਤ ਇਨ੍ਹਾਂ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਥਾਣਾ ਬਨੂੜ ਮੁਖੀ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਦਿੱਲੀ ਵਿੱਚ ਕਿਸੇ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਮਲੇ ਵਿੱਚ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਕਰਾਈਮ ਦੀ ਟੀਮ ਆਪਣੇ ਨਾਲ ਦਿੱਲੀ ਲੈ ਗਈ ਹੈ।
