ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੈਲੀਗੇਟ ਇਜਲਾਸ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਮਿਆਦ ਛੇ ਸਾਲ

ਪ੍ਰਧਾਨ ਹੁੰਦਿਆਂ ਕੋਈ ਵੀ ਸਿਆਸੀ ਚੋਣ ਨਹੀਂ ਲੜ ਸਕੇਗਾ; ਚੋਣ ਲਡ਼ਨ ਲਈ ਅਹੁਦਾ ਛੱਡਣਾ ਜ਼ਰੂਰੀ
Advertisement
ਡੈਲੀਗੇਟ ਇਜਲਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਅਤੇ ਉਭਾਰ ਵਾਸਤੇ 14 ਮਤੇ ਪਾਸ ਕੀਤੇ ਗਏ ਹਨ। ਇਸ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ ਅਤੇ ਉਹ ਲਗਾਤਾਰ ਦੋ ਵਾਰ ਜਾਂ ਸਮਾਂ ਪਾ ਕੇ ਦੁਬਾਰਾ ਇੱਕ ਵਾਰ ਹੀ ਚੋਣ ਲੜ ਸਕੇਗਾ। ਜਥੇਬੰਦੀ ਦਾ ਚੁਣਿਆ ਹੋਇਆ ਪ੍ਰਧਾਨ ਜਥੇਬੰਧਕ ਚੋਣ ਤੋਂ ਇਲਾਵਾ ਵਿਧਾਨ ਸਭਾ ਅਤੇ ਲੋਕ ਸਭਾ ਦੀ ਚੋਣ ਨਹੀਂ ਲੜੇਗਾ।

ਜੇ ਪ੍ਰਧਾਨ ਕੋਈ ਚੋਣ ਲੜਨਾ ਚਾਹੁੰਦਾ ਹੈ ਤਾਂ ਘੱਟੋ ਘੱਟ ਸਾਲ ਪਹਿਲਾਂ ਉਸ ਨੂੰ ਪ੍ਰਧਾਨਗੀ ਦਾ ਅਹੁਦਾ ਛੱਡਣਾ ਪਵੇਗਾ। ਜਥੇਬੰਦੀ ਵੱਲੋਂ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਇੰਨ ਬਿੰਨ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪਾਰਟੀ ਦਾ ਡੈਲੀਗੇਟ ਹਾਊਸ ਚੁਣਨ ਲਈ ਮੈਂਬਰਸ਼ਿਪ ਭਰਤੀ ਛੇ ਸਾਲ ਬਾਅਦ ਹੋਵੇਗੀ ਅਤੇ ਡੈਲੀਗੇਟ ਇਜਲਾਸ ਛੇ ਸਾਲ ਤੱਕ ਕਾਰਜਸ਼ੀਲ ਰਹੇਗਾ।

Advertisement

ਅਕਾਲੀ ਦਲ ਦਾ ਇੱਕ ਸਾਲ ਵਿੱਚ ਘੱਟੋ ਘੱਟ ਇੱਕ ਡੈਲੀਗੇਟ ਇਜਲਾਸ ਬੁਲਾਉਣਾ ਲਾਜ਼ਮੀ ਹੋਵੇਗਾ। ਇੱਕ ਮਤੇ ਰਾਹੀਂ ਫੈਸਲਾ ਕੀਤਾ ਗਿਆ ਕਿ ਇੱਕ ਪਰਿਵਾਰ ਨੂੰ ਸਿਰਫ ਇੱਕ ਅਹੁਦਾ ਮਿਲੇਗਾ ਅਤੇ ਇੱਕ ਪਰਿਵਾਰ ਇੱਕ ਟਿਕਟ ਦਾ ਹੀ ਹੱਕਦਾਰ ਹੋਵੇਗਾ। ਪਾਰਟੀ ਤੇ ਯੂਥ ਦੇ ਪ੍ਰਧਾਨ ਲਈ ਉਮਰ ਸੀਮਾ 37 ਸਾਲ ਰੱਖੀ ਗਈ ਹੈ। ਨੌਜਵਾਨ ਤੇ ਇਸਤਰੀ ਵਰਗ ਨੂੰ ਵਿਧਾਨ ਸਭਾ, ਲੋਕ ਸਭਾ ਅਤੇ ਪਾਰਟੀ ਦੇ ਹਰ ਮੰਚ ’ਤੇ ਯੋਗ ਨੁਮਾਇੰਦਗੀ ਦੇਣ ਦਾ ਫੈਸਲਾ ਕੀਤਾ ਗਿਆ। ਇਜਲਾਸ ’ਚ ਫੈਸਲਾ ਕੀਤਾ ਗਿਆ ਵਿਧਾਨ ਸਭਾ ਜਾਂ ਲੋਕ ਸਭਾ ਚੋਣ ਲੜਨ ਵਾਲੇ ਉਮੀਦਵਾਰ ਜੇ ਸਿੱਖ ਧਰਮ ਨਾਲ ਸਬੰਧਤ ਹਨ ਤਾਂ ਉਨ੍ਹਾਂ ਦਾ ਕੇਸਾਧਾਰੀ ਹੋਣਾ ਜਰੂਰੀ ਹੋਵੇਗਾ। ਦੂਸਰੇ ਧਰਮ ਦੇ ਉਮੀਦਵਾਰਾਂ ’ਤੇ ਇਹ ਸ਼ਰਤ ਲਾਗੂ ਨਹੀਂ ਹੋਵੇਗੀ। ਪਿਛਲੇ ਕੁਝ ਦਹਾਕਿਆਂ ਤੋਂ ਪੰਥਕ ਸਿਧਾਂਤਾਂ, ਸੰਸਥਾਵਾਂ ਅਤੇ ਪਰੰਪਰਾਵਾਂ ਵਿੱਚ ਰਾਜਸੀ ਦਖ਼ਲ ਕਾਰਨ ਆਏ ਨਿਘਾਰ ਨੂੰ ਦੂਰ ਕਰਨ ਲਈ ਪੰਥਕ ਕੌਂਸਲ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੀ ਸਹਿਮਤੀ ਨਾਲ ਹੀ ਅਕਾਲੀ ਦਲ ਭਵਿੱਖ ਵਿੱਚ ਆਪਣੇ ਸਾਰੇ ਫੈਸਲੇ ਲਵੇਗਾ।

 

ਜਥੇਬੰਦੀ ਦੀ 31 ਮੈਂਬਰੀ ਵਰਕਿੰਗ ਕਮੇਟੀ ਚੁਣੀ ਜਾਵੇਗੀ। ਇਸ ਦੌਰਾਨ ਡੈਲੀਗੇਟ ਇਜਲਾਸ ਵੱਲੋਂ ਧਾਰਮਿਕ ਮਤੇ ਰਾਹੀ ਫੈਸਲਾ ਕੀਤਾ ਗਿਆ ਹੈ ਕਿ ਸਮੇਂ ਦੇ ਨਾਲ ਨਾਲ ਗੁਰਦੁਆਰਾ ਪ੍ਰਬੰਧਨ ਲਈ ਵਿਆਪਕ ਸੁਧਾਰਾਂ ਦੀ ਲੋੜ ਹੈ। ਇੱਕ ਮਤੇ ਰਾਹੀਂ ਫੈਸਲਾ ਕੀਤਾ ਗਿਆ ਹੈ ਕਿ ਅਕਾਲ ਤਖਤ , ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ, ਯੋਗ ਦਾਨ, ਕਾਰਜ ਖੇਤਰ, ਮਾਣ ਸਨਮਾਨ, ਸੇਵਾ ਮੁਕਤੀ ਅਤੇ ਸੇਵਾ ਮੁਕਤੀ ਤੋਂ ਉਪਰੰਤ ਯੋਗ ਸਹੂਲਤਾਂ ਦੇਣ ਲਈ ਇੱਕ ਉੱਚ ਪੱਧਰੀ ਅਕਾਲ ਕਮੇਟੀ ਗਠਿਤ ਕੀਤੀ ਜਾਵੇਗੀ। ਇੱਕ ਮਤੇ ਰਾਹੀ ਫੈਸਲਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਕੋਈ ਵੀ ਰਾਜਸੀ ਚੋਣ ਨਹੀਂ ਲੜੇਗਾ। ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਵਿੱਚ ਸਮੇਂ ਦੇ ਹਾਲਾਤ ਨੂੰ ਮੁੱਖ ਰੱਖ ਕੇ ਲੋੜ ਅਨੁਸਾਰ ਵਾਧਾ ਕੀਤਾ ਜਾਵੇਗਾ। ਸਿਹਤ ਸਹੂਲਤਾਂ ਤਹਿਤ ਸਸਤੇ ਇਲਾਜ ਲਈ ਹਸਪਤਾਲ ਖੋਲ੍ਹਣ ਲਈ ਉਪਰਾਲੇ ਕੀਤੇ ਜਾਣਗੇ।

 

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਵਿੱਖ ਵਿੱਚ ਕੋਈ ਵੀ ਸਿਆਸੀ ਚੋਣ ਨਾ ਲੜਨ ਦਾ ਐਲਾਨ

ਅੰਮ੍ਰਿਤਸਰ: ਅਕਾਲ ਤਖਤ ਤੋਂ ਬਣੀ ਭਰਤੀ ਕਮੇਟੀ ਵੱਲੋਂ ਗਠਿਤ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੇ ਸਿੱਖ ਜਗਤ ਨੂੰ ਹੋਕਾ ਦਿੱਤਾ ਹੈ ਕਿ ਅਕਾਲੀ ਦਲ ਦੇ ਡਿੱਗ ਚੁੱਕੇ ਅਤੇ ਖੁੱਸ ਚੁੱਕੇ ਰੁਤਬੇ ਨੂੰ ਹਾਸਲ ਕਰਨ ਲਈ ਸਾਰੇ ਇਕੱਠੇ ਹੋਣ। ਉਨ੍ਹਾਂ ਐਲਾਨ ਕੀਤਾ ਕਿ ਉਹ ਜਦੋਂ ਤੱਕ ਇਸ ਅਹੁਦੇ ’ਤੇ ਰਹਿਣਗੇ ਅਤੇ ਉਸ ਤੋਂ ਬਾਅਦ ਵੀ ਕੋਈ ਸਿਆਸੀ ਚੋਣ ਨਹੀਂ ਲੜਨਗੇ। ਉਹ ਡੈਲੀਗੇਟ ਇਜਲਾਸ ਵੱਲੋਂ ਪ੍ਰਧਾਨ ਚੁਣੇ ਜਾਣ ਮਗਰੋਂ ਮੀਡੀਆ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਜਲਾਸ ਦੌਰਾਨ ਅਜਿਹੇ ਆਗੂਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ ਜੋ ਇਹ ਕਹਿ ਕੇ ਵਿਅੰਗ ਕਰ ਰਹੇ ਸਨ ਕਿ ਗ੍ਰੰਥੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣ ਸਕਦੇ। ਉਨ੍ਹਾਂ ਕਿਹਾ ਕਿ ਜਦੋਂ ਵੀ ਅਕਾਲੀ ਦਲ ’ਤੇ ਸੰਕਟ ਬਣਿਆ ਹੈ ਤਾਂ ਧਾਰਮਿਕ ਸ਼ਖਸੀਅਤਾਂ ਨੇ ਇਸ ਦੀ ਕਮਾਨ ਸੰਭਾਲੀ ਹੈ ਅਤੇ ਡੁਬਦੀ ਬੇੜੀ ਨੂੰ ਪਾਰ ਲੰਘਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਅਕਾਲੀ ਦਲ ਦਾ ਮਤਲਬ ਸਿਰਫ ਸਰਕਾਰ ਬਣਾਉਣਾ ਨਹੀਂ ਸਗੋਂ ਸਰਕਾਰ ਬਣਾ ਕੇ ਲੋਕਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਭਗੋੜਾ ਧੜਾ ਕਰਾਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਅੰਮ੍ਰਿਤਸਰ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਈ ਤਾਂ ਅੰਮ੍ਰਿਤਸਰ ਨੂੰ ਸੂਬੇ ਦੀ ਰਾਜਧਾਨੀ ਬਣਾਇਆ ਜਾਵੇਗਾ ਪਰ ਇਸ ਦਾ ਇਹ ਮਤਲਬ ਨਹੀਂ ਹੋਵੇਗਾ ਕਿ ਪੰਜਾਬ ਚੰਡੀਗੜ੍ਹ ਤੋਂ ਆਪਣਾ ਦਾਅਵਾ ਛੱਡ ਦੇਵੇਗਾ। ਇਸ ਮੌਕੇ ਉਨ੍ਹਾਂ ਨਾਲ ਬੀਬੀ ਜਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਹਾਜ਼ਰ ਸਨ।

 

Advertisement