ਘਾਟੇ ਦੀ ਖਾਈ: ਪੰਜਾਬ ਨੂੰ ਕੇਂਦਰੀ ‘ਗਰਾਂਟ-ਇਨ-ਏਡ’ ਅੱਧੀ ਰਹੀ
ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ’ਚ 678.25 ਕਰੋੜ ਦੀ ਗਿਰਾਵਟ ਕਰਕੇ ਪੰਜਾਬ ਸਰਕਾਰ ਦੀਆਂ ਕੁੱਲ ਮਾਲੀਆ ਪ੍ਰਾਪਤੀਆਂ ਨੂੰ ਸੱਟ ਵੱਜੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਤੋਂ ‘ਗਰਾਂਟ-ਇਨ-ਏਡ’ ’ਚ ਕਟੌਤੀ ਦਾ ਮੁੱਖ ਕਾਰਨ 15ਵੇਂ ਵਿੱਤ ਕਮਿਸ਼ਨ ਤੋਂ ਸੂਬੇ ਨੂੰ ਪ੍ਰਾਪਤ ਹੋਈ ਮਾਲੀਆ ਘਾਟਾ ਗਰਾਂਟ ਖ਼ਤਮ ਹੋ ਗਈ ਹੈ। 15ਵੇਂ ਕਮਿਸ਼ਨ ਨੇ 2021-26 ਤੋਂ ਪੰਜਾਬ ਨੂੰ ਕੁੱਲ 25,968 ਕਰੋੜ ਰੁਪਏ ਦੀ ਗਰਾਂਟ ਦਿੱਤੀ ਸੀ ਜੋ ਇੱਕ ਅਨੁਪਾਤ ਦੇ ਹਿਸਾਬ ਨਾਲ ਪੰਜਾਬ ਨੂੰ ਪੰਜ ਸਾਲ ਤੋਂ ਹਰ ਵਰ੍ਹੇ ਮਿਲ ਰਹੀ ਸੀ। ਪੰਜਾਬ ਨੂੰ ਸਾਲ 2021-22 ਵਿੱਚ 10,081 ਕਰੋੜ ਰੁਪਏ ਅਤੇ 2022-23 ਵਿੱਚ 8274 ਕਰੋੜ ਰੁਪਏ ਪ੍ਰਾਪਤ ਹੋਏ ਸਨ।
ਇਸੇ ਤਰ੍ਹਾਂ ਹੀ 2023-24 ਵਿੱਚ ਕੇਂਦਰ ਤੋਂ ਪੰਜਾਬ ਨੂੰ 5618 ਕਰੋੜ ਰੁਪਏ ਅਤੇ 2024-25 ਵਿੱਚ 1995 ਕਰੋੜ ਰੁਪਏ ਪੰਜਾਬ ਨੂੰ ਮਿਲੇ ਸਨ। ਵਿੱਤ ਕਮਿਸ਼ਨ ਵੱਲੋਂ ਨਿਰਧਾਰਿਤ ਮਾਲੀਆ ਘਾਟਾ ਗਰਾਂਟ ਪੰਜ ਸਾਲ ਮਗਰੋਂ ਖ਼ਤਮ ਹੋ ਗਈ ਹੈ ਜਿਸ ਕਰਕੇ ਇਸ ਸਾਲ ਪੰਜਾਬ ਨੂੰ ਕੋਈ ਮਾਲੀਆ ਘਾਟਾ ਗਰਾਂਟ ਪ੍ਰਾਪਤ ਨਹੀਂ ਹੋਣੀ ਹੈ। ਜਦੋਂ ਹੁਣ ਇਹ ਗਰਾਂਟ ਹਾਸਲ ਨਹੀਂ ਹੋਵੇਗੀ ਤਾਂ ਸੂਬੇ ਦੀਆਂ ਮਾਲੀਆ ਪ੍ਰਾਪਤੀਆਂ ਦਾ ਪ੍ਰਭਾਵਿਤ ਹੋਣਾ ਸੁਭਾਵਿਕ ਹੈ।
ਪੰਜਾਬ ਦੀਆਂ ਅਪਰੈਲ-ਜੂਨ 2025 ਦਰਮਿਆਨ ਮਾਲੀਆ ਪ੍ਰਾਪਤੀਆਂ 22,938.23 ਕਰੋੜ ਰੁਪਏ ਹਨ, ਜੋ ਕਿ ਪੂਰੇ ਵਿੱਤੀ ਸਾਲ ਲਈ 1,11,740.32 ਕਰੋੜ ਰੁਪਏ ਦੇ ਕੁੱਲ ਟੀਚਾ ਪ੍ਰਾਪਤ ਮਾਲੀਏ ਦਾ ਸਿਰਫ਼ 20.04 ਫ਼ੀਸਦ ਹਨ। ਆਮ ਤੌਰ ’ਤੇ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ’ਚ ਮਾਲੀਆ ਪ੍ਰਾਪਤੀਆਂ ਜ਼ਿਆਦਾ ਹੁੰਦੀਆਂ ਹਨ। ਹਾਲਾਂਕਿ ਚਾਲੂ ਸਾਲ ਦੀ ਪਹਿਲੀ ਤਿਮਾਹੀ ਵਿੱਚ ਪ੍ਰਾਪਤ ਟੈਕਸ ਮਾਲੀਆ ਅਤੇ ਗ਼ੈਰ-ਟੈਕਸ ਮਾਲੀਆ ਪਿਛਲੇ ਵਰ੍ਹੇ ਨਾਲੋਂ ਵੱਧ ਹੈ ਪਰ ਮਾਲੀਏ ਦੇ 25 ਫ਼ੀਸਦ ਟੀਚੇ ਤੋਂ ਘੱਟ ਹੈ।
ਪੰਜਾਬ ਦਾ ਮਾਲੀਆ ਖ਼ਰਚ 1352 ਕਰੋੜ ਰੁਪਏ ਵਧਿਆ
ਜਾਣਕਾਰੀ ਅਨੁਸਾਰ ਟੈਕਸ ਮਾਲੀਆ 19,610.18 ਕਰੋੜ ਰੁਪਏ ਹੈ ਜੋ ਇਸ ਸਾਲ ਦੇ ਟੀਚੇ ਦਾ 22.05 ਫ਼ੀਸਦ ਹੈ ਅਤੇ ਇਸੇ ਤਰ੍ਹਾਂ ਗ਼ੈਰ-ਟੈਕਸ ਮਾਲੀਆ 1994.31 ਕਰੋੜ ਰੁਪਏ ਹੈ ਜੋ ਟੀਚੇ ਦਾ 16.33 ਫ਼ੀਸਦ ਹੈ। ਇਸੇ ਤਰ੍ਹਾਂ ਮਾਲੀਆ ਖ਼ਰਚ 1352 ਕਰੋੜ ਰੁਪਏ ਵਧ ਗਿਆ ਹੈ। ਪਿਛਲੇ ਸਾਲ ਮਾਲੀਆ ਖ਼ਰਚ 29,024.39 ਕਰੋੜ ਰੁਪਏ ਸੀ ਜੋ ਇਸ ਸਾਲ ਅਪਰੈਲ-ਜੂਨ ਵਿਚਕਾਰ 30,376.93 ਕਰੋੜ ਰੁਪਏ ਹੋ ਗਿਆ ਹੈ। ਪਹਿਲੀ ਤਿਮਾਹੀ ਵਿੱਚ ਸੂਬੇ ਦੀ ਉਧਾਰ ਰਾਸ਼ੀ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਨਾਲੋਂ 327.03 ਕਰੋੜ ਰੁਪਏ ਵਧੀ ਹੈ। ਅਪਰੈਲ ਤੋਂ ਮਈ ਦੇ ਵਿਚਕਾਰ ਪੰਜਾਬ ਸਰਕਾਰ ਨੇ 9365.25 ਕਰੋੜ ਰੁਪਏ ਦੇ ਕਰਜ਼ੇ ਲਏ ਹਨ। ਇਸ ਸਾਲ ਦੀ ਦੂਜੀ ਤਿਮਾਹੀ ਜੁਲਾਈ ਸਤੰਬਰ ’ਚ ਪੰਜਾਬ ਸਰਕਾਰ ਦੀ 8500 ਕਰੋੜ ਰੁਪਏ ਦੀ ਉਧਾਰ ਰਾਸ਼ੀ ਚੁੱਕਣ ਦੀ ਤਜਵੀਜ਼ ਹੈ। ਕੇਂਦਰ ਸਰਕਾਰ ਵੱਲੋਂ ਮਾਲੀਆ ਘਾਟਾ ਗਰਾਂਟ ਵਿੱਤੀ ਖੱਪਿਆ ਨੂੰ ਪੂਰਨ ਵਾਸਤੇ ਦਿੱਤੀ ਜਾਂਦੀ ਹੈ।