ਪਠਾਨਕੋਟ ਦੇ ਦੀਪਿਤ ਸ਼ਰਮਾ ਲੈਫਟੀਨੈਂਟ ਬਣੇ
ਇੱਥੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਸੱਤਵੇਂ ਕੋਰਸ ਦੇ ਕੈਡੇਟ ਦੀਪਿਤ ਸ਼ਰਮਾ ਨੂੰ ਅੱਜ ਚੇਨੱਈ ਵਿੱਚ ਆਫੀਸਰਜ਼ ਟ੍ਰੇਨਿੰਗ ਅਕੈਡਮੀ (ਓਟੀਏ) ਵਿੱਚ ਹੋਈ ਪਾਸਿੰਗ ਆਊਟ ਪਰੇਡ ਵਿੱਚ ਭਾਰਤੀ ਫ਼ੌਜ ਦੀ ਕੁਮਾਊਂ ਰੈਜੀਮੈਂਟ, ਜੋ ਫੌਜ ਦੀਆਂ ਸਭ ਤੋਂ ਪੁਰਾਣੀਆਂ ਇਨਫੈਂਟਰੀ ਰੈਜੀਮੈਂਟਾਂ ਵਿੱਚੋਂ ਇੱਕ ਹੈ, ਵਿੱਚ ਬਤੌਰ ਲੈਫਟੀਨੈਂਟ ਕਮਿਸ਼ਨ ਮਿਲਿਆ ਹੈ। ਇਸ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਹਵਾਈ ਫੌਜ ਦੇ ਮੁਖੀ, ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ, ਪੀਵੀਐੱਸਐੱਮ, ਏਵੀਐੱਸਐੱਮ ਵੱਲੋਂ ਕੀਤਾ ਗਿਆ। ਜ਼ਿਲ੍ਹਾ ਪਠਾਨਕੋਟ ਦੇ ਰਹਿਣ ਵਾਲੇ ਕੈਡੇਟ ਦੀਪਿਤ ਸ਼ਰਮਾ ਆਪਣੇ ਪਿਤਾ ਦੇ ਨਕਸ਼ੇ-ਕਦਮ ਉੱਤੇ ਚੱਲਦਿਆਂ ਫੌਜ ਵਿੱਚ ਅਧਿਕਾਰੀ ਬਣਿਆ ਹੈ। ਉਸ ਦੇ ਪਰਿਵਾਰ ਲਈ ਹੋਰ ਵੀ ਮਾਣ ਵਾਲੀ ਗੱਲ ਇਹ ਹੈ ਕਿ ਉਸ ਨੂੰ ਕੁਮਾਊਂ ਰੈਜੀਮੈਂਟ ਦੇ ਉਸੇ ਯੂਨਿਟ ਵਿੱਚ ਕਮਿਸ਼ਨ ਮਿਲਿਆ ਹੈ, ਜਿੱਥੇ ਉਸ ਦੇ ਪਿਤਾ ਸੇਵਾ ਨਿਭਾਅ ਰਹੇ ਹਨ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਲੈਫਟੀਨੈਂਟ ਦੀਪਿਤ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਰਾਸ਼ਟਰ ਦੀ ਸੇਵਾ ਵਿੱਚ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਲੈਫਟੀਨੈਂਟ ਸ਼ਰਮਾ ਦੀ ਕਮਿਸ਼ਨਿੰਗ ਨਾਲ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਕਮਿਸ਼ਨ ਅਫਸਰ ਬਣਨ ਵਾਲੇ ਕੈਡੇਟਾਂ ਦੀ ਗਿਣਤੀ 179 ਹੋ ਗਈ ਹੈ। ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ ਚੌਹਾਨ, ਵੀਐੱਸਐੱਮ (ਸੇਵਾਮੁਕਤ) ਨੇ ਲੈਫਟੀਨੈਂਟ ਦੀਪਿਤ ਸ਼ਰਮਾ ਨੂੰ ਕਮਿਸ਼ਨ ਅਫ਼ਸਰ ਬਣਨ ਉੱਤੇ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਕੈਡੇਟਾਂ ਦੇ ਮੌਜੂਦਾ ਬੈਚ ਲਈ ਯੂਪੀਐੱਸਸੀ ਐੱਨਡੀਏ (2) ਦੀ ਲਿਖਤੀ ਪ੍ਰੀਖਿਆ 14 ਸਤੰਬਰ ਨੂੰ ਹੋਵੇਗੀ, ਜੋ ਅਫਸਰ ਬਣਨ ਦੇ ਚਾਹਵਾਨਾਂ ਲਈ ਬਹੁਤ ਅਹਿਮ ਹੈ।