ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਕੋਰ ਕਮੇਟੀ ਨੇ ਕੀਤੇ ਫ਼ੈਸਲੇ
ਗੁਰਿੰਦਰ ਸਿੰਘ
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਹੋਈ, ਜਿਸ ਵਿੱਚ ਪਾਰਟੀ ਦੀ ਮਜ਼ਬੂਤੀ ਅਤੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਾਬੂ ਸਿੰਘ ਬਰਾੜ, ਪ੍ਰਗਟ ਸਿੰਘ ਜੱਲੂਪੁਰ, ਐਡਵੋਕੇਟ ਹਰਪਾਲ ਸਿੰਘ ਖਾਰਾ, ਕਾਬਲ ਸਿੰਘ ਫਿਰੋਜ਼ਪੁਰ, ਅਵਤਾਰ ਸਿੰਘ ਜਵਾਹਰਕੇ, ਚਰਨਜੀਤ ਸਿੰਘ ਭਿੰਡਰ, ਪ੍ਰਿਥੀਪਾਲ ਸਿੰਘ ਬਟਾਲਾ ਅਤੇ ਸ ਗੁਰਲਾਲ ਸਿੰਘ ਸਖੀਰਾ ਸ਼ਾਮਲ ਹੋਏ। ਮੀਟਿੰਗ ਦੌਰਾਨ ਪਾਰਟੀ ਦੇ ਸੰਗਠਨ, ਜਥੇਬੰਦਕ ਢਾਂਚਾ ਅਤੇ ਪਾਰਟੀ ਦੀ ਮੈਂਬਰਸ਼ਿਪ ਸਬੰਧੀ ਵਿਸਥਾਰ ਤਹਿਤ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਤਰਨਤਾਰਨ ਜ਼ਿਮਨੀ ਚੋਣ ਸਬੰਧੀ, ਪਾਰਟੀ ਨੂੰ ਦਰਪੇਸ਼ ਚੁਣੌਤੀਆਂ ਅਤੇ ਨਵੇਂ ਬਣੇ ਹਾਲਾਤ ਸਬੰਧੀ ਮਸਲੇ ਵਿਚਾਰੇ ਗਏ। ਮੀਟਿੰਗ ਵਿੱਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦੀ ਮੈਂਬਰਸ਼ਿਪ ਵਿੱਚ ਤੇਜ਼ੀ ਲਿਆਉਣ ਲਈ ਨਵਾਂ ਜਥੇਬੰਦਕ ਢਾਂਚਾ ਅਮਲ ਵਿੱਚ ਲਿਆਉਣ ਨੂੰ ਪ੍ਰਵਾਨਗੀ ਦਿੱਤੀ ਗਈ, ਜਿਸ ਤਹਿਤ ਵਰਕਿੰਗ ਕਮੇਟੀ, ਸੂਬਾਈ ਕਾਰਜਕਾਰੀ ਢਾਂਚਾ ਅਤੇ ਜ਼ਿਲ੍ਹਾ ਪੱਧਰੀ ਕਾਰਜਕਾਰੀ ਢਾਂਚਾ ਬਣਾਉਣ ਦਾ ਫ਼ੈਸਲਾ ਕੀਤਾ ਗਿਆ।
ਪਾਰਟੀ ਦੀ ਅਨੁਸ਼ਾਸਨੀ ਕਮੇਟੀ, ਜ਼ੋਨ ਇੰਚਾਰਜ, ਪ੍ਰੈਸ ਸਕੱਤਰ,ਆਈਟੀ ਅਤੇ ਸੋਸ਼ਲ ਮੀਡੀਆ ਸੈੱਲ ਅਤੇ ਪਾਰਟੀ ਦੇ ਬੁਲਾਰਿਆਂ ਸਬੰਧੀ ਅਹਿਮ ਫ਼ੈਸਲੇ ਲਏ ਗਏ ਅਤੇ ਪਾਰਟੀ ਦਾ ਧਾਰਮਿਕ ਵਿੰਗ, ਇਸਤਰੀ ਵਿੰਗ, ਐੱਸਸੀ ਵਿੰਗ ,ਯੂਥ ਵਿੰਗ ਅਤੇ ਲੀਗਲ ਸੈੱਲ ਬਣਾਉਣ ਲਈ ਰੂਪ ਰੇਖਾ ਤਿਆਰ ਕੀਤੀ ਗਈ।
ਸ੍ਰੀ ਮੁਕਤਸਰ ਦੀ ਪਵਿੱਤਰ ਧਰਤੀ ’ਤੇ ਮਾਘੀ ਮੌਕੇ ਕਾਨਫਰੰਸ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ। ਮੀਟਿੰਗ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਦੀ ਪੈਰੋਲ ਅਤੇ ਐੱਨ ਐੱਸ ਏ ਸਬੰਧੀ ਨਵੀਂ ਰਣਨੀਤੀ ਉਲੀਕੀ ਗਈ।
