ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਵੱਲ ਮਾਰਚ ਕਰਨ ਦਾ ਫ਼ੈਸਲਾ
ਆਤਿਸ਼ ਗੁਪਤਾ
ਕੌਮੀ ਇਨਸਾਫ਼ ਮੋਰਚਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਹੋਰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਕੌਮੀ ਇਨਸਾਫ਼ ਮੋਰਚਾ, ਕਿਸਾਨ ਜਥੇਬੰਦੀਆਂ ਅਤੇ ਪੰਥਕ ਜਥੇਬੰਦੀਆਂ ਆਗਾਮੀ 14 ਨਵੰਬਰ ਨੂੰ ਦਿੱਲੀ ਵੱਲ ਮਾਰਚ ਕਰਨਗੀਆਂ ਅਤੇ 15 ਨਵੰਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਸੌਂਪਣਗੀਆਂ। ਇਹ ਫ਼ੈਸਲਾ ਕੌਮੀ ਇਨਸਾਫ਼ ਮੋਰਚਾ ਵੱਲੋਂ ਚੰਡੀਗੜ੍ਹ ਸਥਿਤ ਕਿਸਾਨ ਭਵਨ ’ਚ ਕਿਸਾਨ-ਮਜ਼ਦੂਰ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰ ਕੇ ਕੀਤਾ ਗਿਆ। ਇਹ ਮੀਟਿੰਗ ਸੇਵਾਮੁਕਤ ਜਸਟਿਸ ਰਣਜੀਤ ਸਿੰਘ, ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ, ਮੋਰਚੇ ਦੇ ਸਰਪ੍ਰਸਤ ਗੁਰਚਰਨ ਸਿੰਘ, ਡਾ. ਦਰਸ਼ਨ ਪਾਲ ਤੇ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਹੇਠ ਹੋਈ ਹੈ। ਆਗੂਆਂ ਨੇ ਕੇਂਦਰ ਸਰਕਾਰ ਦੀਆਂ ਤਾਨਾਸ਼ਾਹੀ ਤੇ ਕਾਰਪੋਰੇਟ ਪੱਖੀ ਨੀਤੀਆਂ ਦੀ ਆਲੋਚਨਾ ਕੀਤੀ ਅਤੇ ਬੰਦੀ ਸਿੰਘਾਂ ਸਣੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹੋਰਨਾਂ ਬੰਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।
ਮੋਰਚਾ ਵੱਲੋਂ ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ 14 ਨਵੰਬਰ ਨੂੰ ਸ਼ੰਭੂ ਬਾਰਡਰ ਤੋਂ ਦੁਪਹਿਰੇ 12 ਵਜੇ ਦਿੱਲੀ ਵੱਲ ਮਾਰਚ ਕੀਤਾ ਜਾਵੇਗਾ। ਇਹ ਮਾਰਚ ਦਿੱਲੀ ਦੇ ਗੁਰਦੁਆਰਾ ਸ਼ੀਸ਼ਗੰਜ ਵਿੱਚ ਪਹੁੰਚ ਕੇ ਅਰਦਾਸ ਕਰੇਗਾ। ਇਸ ਤੋਂ ਬਾਅਦ 15 ਨਵੰਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਸੌਂਪੇਗਾ। ਆਗੂਆਂ ਨੇ ਕਿਹਾ ਕਿ 14 ਨਵੰਬਰ ਨੂੰ ਦਿੱਲੀ ਮਾਰਚ ਵਿੱਚ ਹਜ਼ਾਰਾਂ ਬੱਸਾਂ, ਕਾਰਾਂ, ਮੋਟਰਸਾਈਕਲਾਂ ਦਾ ਕਾਫਲਾ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਰਵਾਨਾ ਹੋਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਨਹੀਂ ਚੁੱਕ ਰਹੀ। ਮੀਟਿੰਗ ਵਿੱਚ 20 ਜਥੇਬੰਦੀਆਂ ਦੇ ਆਗੂ ਸ਼ਾਮਲ ਸਨ, ਜਿਨ੍ਹਾਂ ’ਚ ਨਿਰਭੈ ਸਿੰਘ ਢੁੱਡੀਕੇ, ਰੁਲਦੂ ਸਿੰਘ ਮਾਨਸਾ, ਅਵਤਾਰ ਸਿੰਘ ਮਹਿਮਾ, ਸਤਨਾਮ ਸਿੰਘ ਬਹਿਰੂ, ਬਲਵਿੰਦਰ ਸਿੰਘ, ਗੋਪਾਲ ਸਿੰਘ, ਗੁਰਨਾਮ ਸਿੰਘ ਸਿੱਧੂ ਅਤੇ ਹੋਰ ਆਗੂ ਮੌਜੂਦ ਰਹੇ।
