ਜੇਲ੍ਹ ਵਿੱਚ ਬੰਦ ਕੈਦੀ ਦੀ ਮੌਤ, ਪੀੜਤਾਂ ਵੱਲੋਂ ਧਰਨਾ
ਗੁਰਬਖਸ਼ਪੁਰੀ
ਤਰਨ ਤਾਰਨ, 23 ਜੂਨ
ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਨਸ਼ਿਆਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਮਹੀਨਿਆਂ ਤੋਂ ਬੰਦ ਕੈਦੀ ਦੀ ਭੇਤ-ਭਰੀ ਹਾਲਤ ਵਿੱਚ ਅੱਜ ਮੌਤ ਹੋ ਗਈ। ਇਸ ਮਗਰੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਵੱਲੋਂ ਕੌਮੀ ਸ਼ਾਹ ਮਾਰਗ ’ਤੇ ਘੰਟਿਆਂਬੱਧੀ ਧਰਨਾ ਦਿੱਤਾ ਗਿਆ। ਇਸ ਕਾਰਨ ਸ਼ਾਹ ਮਾਰਗ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਧਰਨੇ ਵਾਲੀ ਥਾਂ ’ਤੇ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਹੋਏ ਸਨ| ਪੁਲੀਸ ਅਧਿਕਾਰੀ ਦੇ ਭਰੋਸੇ ਮਗਰੋਂ ਧਰਨਾਕਾਰੀਆਂ ਦੀ ਅਗਵਾਈ ਕਰਦੀ ਜਥੇਬੰਦੀ ਦੇ ਆਗੂਆਂ ਨੇ ਆਪਸੀ ਸਹਿਮਤੀ ਜ਼ਾਹਿਰ ਕਰਦਿਆਂ ਧਰਨਾ ਚੁੱਕ ਲਿਆ। ਇਸ ਮਗਰੋਂ ਆਵਾਜਾਈ ਆਮ ਵਾਂਗ ਹੋ ਗਈ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ (22) ਪੁੱਤਰ ਹਰਭਜਨ ਸਿੰਘ ਵਾਸੀ ਲਾਲੂ ਘੁੰਮਣ ਵਜੋਂ ਹੋਈ। ਧਰਨਾਕਾਰੀਆਂ ਦੀ ਅਗਵਾਈ ਕਰਦੀ ਜਥੇਬੰਦੀ ‘ਭਗਵਾਨ ਵਾਲਮੀਕੀ ਸੰਘਰਸ਼ ਦਲ’ ਦੇ ਸੂਬਾ ਪ੍ਰਧਾਨ ਸਾਹਿਬ ਸਿੰਘ ਤੋਂ ਇਲਾਵਾ ਹੋਰ ਆਗੂ ਮਨਜੀਤ ਸਿੰਘ, ਹਰਦੇਵ ਸਿੰਘ ਨੇ ਦੋਸ਼ ਲਗਾਇਆ ਕਿ ਸਰਬਜੀਤ ਸਿੰਘ ਦੀ ਮੌਤ ਜੇਲ੍ਹ ਸਟਾਫ਼ ਵੱਲੋਂ ਉਸ ’ਤੇ ਕੀਤੇ ਤਸ਼ੱਦਦ ਕਾਰਨ ਹੋਈ ਹੈ| ਬਲਜੀਤ ਸਿੰਘ ਭੁੱਲਰ ਐੱਸਪੀ (ਹੈੱਡਕੁਆਰਟਰ) ਨੇ ਕਿਹਾ ਕਿ ਸਰਬਜੀਤ ਸਿੰਘ ਦੀ ਮੌਤ ਜੇਲ੍ਹ ਵਿੱਚ ਕੈਦੀਆਂ ਦੇ ਆਪਸ ਵਿੱਚ ਭਿੜਨ ਕਰਕੇ ਹੋਈ ਹੈ| ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ਜ਼ਖ਼ਮੀ ਹਾਲਤ ਵਿੱਚ ਗੁਰੂ ਨਾਨਕ ਦੇਵ ਹਸਪਤਾਲ ,ਅੰਮ੍ਰਿਤਸਰ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ|
ਧਰਨਾਕਾਰੀਆਂ ਨਾਲ ਐੱਸਪੀ ਬਲਜੀਤ ਸਿੰਘ ਭੁੱਲਰ ਵੱਲੋਂ ਕੀਤੀ ਮੀਟਿੰਗ ਵਿੱਚ ਯਕੀਨ ਦਿੱਤਾ ਗਿਆ ਕਿ ਇਸ ਮਾਮਲੇ ਦੀ ਨਿਆਂਇਕ ਜਾਂਚ ਕਰਵਾਈ ਜਾਵੇਗੀ ਜਿਸ ਦੀ ਰਿਪੋਰਟ ਦੇ ਅਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ|