ਮਹਾਰਾਜਾ ਰਿਪੁਦਮਨ ਸਿੰਘ ਦੀ ਬਰਸੀ ਮਨਾਈ
ਸਤਨਾਮ ਸਿੰਘ ਸੱਤੀ
ਇਥੇ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਨਾਭਾ ਰਿਆਸਤ ਦੇ ਸ਼ਾਸਕ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੀ 83ਵੀਂ ਬਰਸੀ ਮਨਾਈ ਗਈ। ਸਮਾਗਮ ਵਿੱਚ ਨਾਭਾ ਰਿਆਸਤ ਦੇ ਸ਼ਾਹੀ ਪਰਿਵਾਰ ਦੀ ਚੌਥੀ ਪੀੜ੍ਹੀ ’ਚੋਂ ਮਹਾਰਾਣੀ ਪ੍ਰੀਤੀ ਸਿੰਘ ਅਤੇ ਮਹਾਰਾਣੀ ਉਮਾ ਰਾਣੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਕੀਤੀ ਗਈ, ਜਿਸ ਮਗਰੋਂ ਰਾਗੀ ਜਥਿਆਂ ਨੇ ਕੀਰਤਨ ਕੀਤਾ। ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਮਹਾਰਾਜੇ ਦੇ ਜੀਵਨ ’ਤੇ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਮਹਾਰਾਜਾ ਰਿਪੁਦਮਨ ਸਿੰਘ ਨੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਪਾਇਆ ਹੈ। ਮਹਾਰਾਣੀ ਪ੍ਰੀਤੀ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇੰਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਲੋਕ ਮਹਾਰਾਜੇ ਵੱਲੋਂ ਕੀਤੇ ਕਾਰਜ ਯਾਦ ਕਰਦੇ ਹਨ ਅਤੇ ਉਨ੍ਹਾਂ ਨੂੰ ਸਤਿਕਾਰ ਦਿੰਦੇ ਹਨ।
ਸਮਾਗਮ ਦੇ ਅਖੀਰ ਵਿੱਚ ਅਕਾਲ ਕੌਂਸਲ ਵੱਲੋਂ ਮਹਾਰਾਣੀ ਪ੍ਰੀਤੀ ਸਿੰਘ ਅਤੇ ਮਹਾਰਾਣੀ ਉਮਾ ਰਾਣੀ ਸਮੇਤ ਹੋਰ ਪਤਵੰਤਿਆਂ ਨੂੰ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਜੰਟ ਸਿੰਘ ਦੁੱਗਾਂ, ਗੁਰਜੰਟ ਸਿੰਘ ਬਹਾਦਰਪੁਰ, ਬਹਾਦਰ ਸਿੰਘ ਭਸੌੜ, ਕਾਕਾ ਹਰਿੰਦਰਵੀਰ ਸਿੰਘ ਫਤਹਿਗੜ੍ਹ, ਡਾ. ਪਰਮਵੀਰ ਸਿੰਘ, ਡਾ. ਜੰਗ ਸਿੰਘ ਫੱਟੜ, ਡਾ. ਗੁਰਬੀਰ ਸਿੰਘ, ਡਾ. ਜਤਿੰਦਰ ਦੇਵ, ਪ੍ਰਿੰਸੀਪਲ ਡਾ. ਅਮਨਦੀਪ ਕੌਰ, ਡਾ. ਗੀਤਾ ਠਾਕੁਰ, ਡਾ. ਸੁਖਦੀਪ ਕੌਰ ਅਤੇ ਡਾ. ਜਸਪਾਲ ਸਿੰਘ ਸਮੇਤ ਵੱਖ-ਵੱਖ ਸੰਸਥਾਵਾਂ ਦਾ ਸਟਾਫ਼ ਅਤੇ ਇਲਾਕੇ ਦੀ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ।
