ਫਿਰੋਜ਼ਪੁਰ ’ਚ ਭਾਜਪਾ ਉਮੀਦਵਾਰ ’ਤੇ ਜਾਨਲੇਵਾ ਹਮਲਾ
ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ੋਨ ਫੱਤੂ ਵਾਲਾ ਦੇ ਪਿੰਡ ਬੁੱਕਣ ਵਾਲਾ ਤੋਂ ਚੋਣ ਹਿੰਸਾ ਦੀ ਇੱਕ ਘਟਨਾ ਸਾਹਮਣੇ ਆਈ ਹੈ। ਇੱਥੇ ਬਲਾਕ ਸਮਿਤੀ ਦੀਆਂ ਚੋਣਾਂ ਲੜ ਰਹੇ ਭਾਜਪਾ ਉਮੀਦਵਾਰ ਜਗਦੀਪ ਸਿੰਘ ’ਤੇ ਤੇਜ਼ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਭਾਜਪਾ ਉਮੀਦਵਾਰ ਜਗਦੀਪ ਸਿੰਘ ’ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਆਪਣੇ ਚੋਣ ਇਲਾਕੇ ਵਿਚ ਮੌਜੂਦ ਸਨ। ਇਸ ਹਮਲੇ ਵਿਚ ਜਗਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਸਿਵਲ ਹਸਪਤਾਲ ਦੇ ਡਾ. ਅਭੈਜੀਤ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਗਦੀਪ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਲਿਆਂਦਾ ਗਿਆ ਹੈ ਅਤੇ ਉਸ ਦਾ ਇਲਾਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ। ਜਗਦੀਪ ਸਿੰਘ ਨੇ ਇਸ ਹਮਲੇ ਲਈ ਸਿੱਧੇ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਵਰਕਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਗਦੀਪ ਸਿੰਘ ਨੇ ਦੱਸਿਆ ਕਿ ਅਕਾਲੀ ਵਰਕਰ ਖੁਦ ਵੋਟਾਂ ਪਾ ਰਹੇ ਸਨ ਅਤੇ ਜਦੋਂ ਉਸ ਨੇ ਉਨ੍ਹਾਂ ਨੂੰ ਵੋਟਾਂ ਪਾਉਣ ਤੋਂ ਰੋਕਿਆ ਤਾਂ ਅਕਾਲੀ ਵਰਕਰਾਂ ਨੇ ਯੋਜਨਾਬੱਧ ਢੰਗ ਨਾਲ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਦੀ ਖ਼ਬਰ ਮਿਲਦਿਆਂ ਹੀ ਭਾਜਪਾ ਦੀ ਜ਼ਿਲ੍ਹਾ ਲੀਡਰਸ਼ਿਪ ਤੁਰੰਤ ਹਰਕਤ ਵਿੱਚ ਆ ਗਈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੌਬੀ ਬਾਠ ਨੇ ਹਸਪਤਾਲ ਪਹੁੰਚ ਕੇ ਜਗਦੀਪ ਸਿੰਘ ਦਾ ਹਾਲ-ਚਾਲ ਪੁੱਛਿਆ ਅਤੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਬਾਠ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਲੋਕਤੰਤਰ ਲਈ ਕਲੰਕ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੇ।
