ਡੀ ਸੀ ਨੇ ਖੇਤਾਂ ’ਚ ਜਾ ਕੇ ਅੱਗ ਬੁਝਾਈ
ਰਵਿੰਦਰ ਰਵੀ
ਬਰਨਾਲਾ ਦੇ ਡੀ ਸੀ ਟੀ ਬੈਨਿਥ ਨੇ ਅੱਜ ਪਿੰਡ ਕਾਲੇਕੇ ਤੇ ਕੋਟਦੁੱਨਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਿੰਡਾਂ ਵਿੱਚ ਪਰਾਲੀ ਨੂੰ ਲਾਈ ਹੋਈ ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਦੀ ਮਦਦ ਕੀਤੀ। ਡਿਊਟੀ ’ਚ ਕੁਤਾਹੀ ਵਰਤਣ ’ਤੇ ਡੀ ਸੀ ਟੀ ਬੈਨਿਥ ਨੇ ਡੀ ਐੱਸ ਪੀ ਬਰਨਾਲਾ, ਨਾਇਬ ਤਹਿਸੀਲਦਾਰ ਬਰਨਾਲਾ ਅਤੇ ਐੱਸ ਐੱਚ ਓ ਸਦਰ ਨੂੰ ਨੋਟਿਸ ਜਾਰੀ ਕਰ ਕੇ ਤਲਬ ਕੀਤਾ ਹੈ।
ਇਨ੍ਹਾਂ ਅਧਿਕਾਰੀਆਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਵੱਖ-ਵੱਖ ਖੇਤਰਾਂ ’ਚ ਤਾਇਨਾਤ ਕੀਤਾ ਗਿਆ ਸੀ। ਅੱਜ ਪਿੰਡਾਂ ਵਿੱਚ ਕੀਤੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਦੇਖਿਆ ਕਿ ਇਨ੍ਹਾਂ ਅਧਿਕਾਰੀਆਂ ਦੇ ਖੇਤਰ ’ਚ ਪਰਾਲੀ ਨੂੰ ਕਈ ਥਾਈਂ ਅੱਗ ਲਾਈ ਹੋਈ ਸੀ। ਇਸ ਕਾਰਨ ਇਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਪਰਾਲੀ ਸਾੜਨ ਦੇ 37 ਮਾਮਲਿਆਂ ’ਚ ਕੇਸ ਦਰਜ ਕਰ ਕੇ ਖਸਰਾ ਗਿਰਦਾਵਰੀ ਵਿੱਚ ਲਾਲ ਐਂਟਰੀ ਦਰਜ ਕੀਤੀ ਗਈ ਹੈ। ਇਨ੍ਹਾਂ ਘਟਨਾਵਾਂ ’ਚ ਹੁਣ ਤੱਕ ਕੁੱਲ 1.95 ਲੱਖ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ। ਇਸ ਤੋਂ ਇਲਾਵਾ ਸਹਾਇਕ ਡੀ ਸੀ ਅਨੁਪ੍ਰਿਤਾ ਜੌਹਲ ਨੇ ਪਿੰਡ ਦਾਨਗੜ੍ਹ, ਉੱਪਲੀ, ਭੱਠਲਾਂ ਅਤੇ ਹਰੀਗੜ੍ਹ ਦੇ ਖੇਤਾਂ ’ਚ ਜਾ ਕੇ ਜਾਂਚ ਕੀਤੀ।
