ਡੀਸੀ ਵੱਲੋਂ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ
ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਪੂਰੀ ਮੁਸਤੈਦ ਨਾਲ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਰੁਕਨੇ ਵਾਲਾ, ਹਬੀਬ ਵਾਲਾ, ਗੱਟਾ ਬਾਦਸ਼ਾਹ ਅਤੇ ਮਮਦੋਟ ਆਦਿ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਗਾ ਕੇ ਸਿਹਤ ਸਬੰਧੀ ਮੁਢਲੀ ਸਹਾਇਤਾ ਮੁਹਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਜੇ ਜ਼ਿਲੇ ਦੇ ਵਿੱਚ ਸਥਿਤੀ ਪੂਰੀ ਤਰ੍ਹਾਂ ਨਾਲ ਖਤਰੇ ਤੋਂ ਬਾਹਰ ਹੈ ਅਤੇ ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫਵਾਵਾਂ ਤੋਂ ਸੁਚੇਤ ਰਹਿਣ। ਸਮੂਹ ਐਸਡੀਐਮ ਆਪਣੇ ਆਪਣੇ ਖੇਤਰਾਂ ਦੇ ਵਿੱਚ ਮੁਸਤੈਦ ਹਨ ਅਤੇ ਉਹਨਾਂ ਵੱਲੋਂ ਲਗਾਤਾਰ ਆਪਣੇ ਆਪਣੇ ਖੇਤਰ ਅਧੀਨ ਲੱਗਦੇ ਦਰਿਆ ਕਿਨਾਰੇ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਦਰਿਆ ਨਾਲ ਲੱਗਦੇ ਪਿੰਡ ਵਾਸੀਆਂ ਦੀ ਸਲਾਹ ਅਨੁਸਾਰ ਦਰਿਆ ਵਿੱਚ ਚੱਲਣ ਵਾਲੇ ਜਿਨਾਂ ਬੇੜਿਆਂ ਦੀ ਰਿਪੇਅਰ ਕਰਵਾਉਣ ਦੇ ਲਈ ਦੱਸਿਆ ਗਿਆ ਸੀ ਉਨਾਂ ਦੀ ਰਿਪੇਅਰ ਪਹਿਲਾਂ ਹੀ ਕਰਵਾ ਦਿੱਤੀ ਗਈ ਸੀ।
ਉਨ੍ਹਾਂ ਨੇ ਕਿਹਾ ਕਿ ਦਰਿਆ ਦੇ ਵਿੱਚ ਪਾਣੀ ਦੇ ਵਹਾਅ ਦੇ ਨੇੜੇ ਬਿਲਕੁਲ ਵੀ ਨਾ ਜਾਇਆ ਜਾਵੇ ਅਤੇ ਐਮਰਜੈਂਸੀ ਹਾਲਾਤਾਂ ਵਿੱਚ ਹੀ ਰਾਹਤ ਕਾਰਜਾਂ ਲਈ ਬੇੜਿਆਂ ਦੀ ਵਰਤੋਂ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੁਪਹਿਰ ਤੱਕ ਮਿਲੀਆਂ ਰਿਪੋਰਟਾਂ ਅਨੁਸਾਰ ਮੱਲਾਂਵਾਲਾ ਤੇ ਮੱਖੂ ਇਲਾਕੇ ਵਿੱਚ ਦਰਿਆ ਦੇ ਪਾਣੀ ਦਾ ਪੱਧਰ ਕੁਝ ਘੱਟ ਹੋਇਆ ਹੈ ਇਸ ਤੋਂ ਇਲਾਵਾ ਫਿਰੋਜ਼ਪੁਰ ਸ਼ਹਿਰੀ ਖੇਤਰ ਨਾਲ ਲੱਗਦੇ ਪਿੰਡ ਕਾਲੂ ਵਾਲਾ ਜੋ ਕਿ ਤਿੰਨੋ ਪਾਸਿਓਂ ਦਰਿਆ ਦੇ ਨਾਲ ਘਿਰਿਆ ਹੈ, ਇਥੇ ਵੀ ਦਰਿਆ ਦਾ ਪੱਧਰ ਪਿੰਡ ਦੇ ਪੱਧਰ ਦੇ ਬਰਾਬਰ ਹੈ। ਇਸ ਪਿੰਡ ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ।