ਪਹਿਲੀ ਤੋਂ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਲਈ ਡੇਟਸ਼ੀਟ ਜਾਰੀ
ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ (ਐੱਸ.ਸੀ.ਈ.ਆਰ.ਟੀ.) ਪੰਜਾਬ ਨੇ ਸੈਸ਼ਨ 2025-26 ਲਈ ਪਹਿਲੀ ਤੋਂ ਬਾਰ੍ਹਵੀਂ ਸ਼੍ਰੇਣੀ ਦੀ ਪਹਿਲੀ ਟਰਮ ਲਈ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪਰਿਸ਼ਦ ਦੀ ਡਾਇਰੈਕਟਰ ਕਿਰਨ ਸ਼ਰਮਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਭੇਜ ਕੇ ਪ੍ਰੀਖ਼ਿਆਵਾਂ ਸਬੰਧੀ ਜਾਣੂ ਕਰਾਇਆ ਗਿਆ ਹੈ। ਪਹਿਲੀ ਟਰਮ ਦੀਆਂ ਇਹ ਪ੍ਰੀਖ਼ਿਆਵਾਂ ਪਹਿਲੀ ਤੋਂ 5ਵੀਂ ਸ਼੍ਰੇਣੀ ਲਈ 23 ਤੋਂ 27 ਸਤੰਬਰ ਤੱਕ, 6ਵੀਂ ਤੋਂ 8ਵੀਂ ਲਈ 18 ਤੋਂ 29 ਸਤੰਬਰ ਤੱਕ 9ਵੀਂ ਤੋਂ 12ਵੀਂ ਸ਼੍ਰੇਣੀ ਲਈ 18 ਸਤੰਬਰ ਤੋਂ ਪਹਿਲੀ ਅਕਤੂਬਰ ਤੱਕ ਹੋਣਗੀਆਂ। ਪ੍ਰੀਖਿਆਵਾਂ ਦਾ ਸਮਾਂ ਸਵੇਰੇ 8:30 ਵਜੇ ਤੋਂ ਸਵੇਰੇ 11:30 ਵਜੇ ਤੱਕ ਹੋਵੇਗਾ। 9ਵੀਂ ਤੋਂ 12ਵੀਂ ਸ਼੍ਰੇਣੀ ਲਈ ਸਿਲੇਬਸ ਅਪਰੈਲ ਤੋਂ ਅਗਸਤ ਤੱਕ ਦਾ ਹੋਵੇਗਾ ਅਤੇ ਪਹਿਲੀ ਤੋਂ 8ਵੀਂ ਸ਼੍ਰੇਣੀਆਂ ਲਈ ਇਸ ਪ੍ਰੀਖਿਆ ਦਾ ਸਿਲੇਬਸ ਅਪਰੈਲ ਤੋਂ ਸਤੰਬਰ ਤੱਕ ਹੋਵੇਗਾ। ਪਹਿਲੀ ਤੋਂ 5ਵੀਂ ਦੇ ਸਾਰੇ ਪ੍ਰਸ਼ਨ ਪੱਤਰ ਮੁੱਖ ਦਫ਼ਤਰ ਵੱਲੋਂ ਭੇਜੇ ਜਾਣਗੇ ਜਦਕਿ 6ਵੀਂ ਤੋਂ 10ਵੀਂ ਸ਼੍ਰੇਣੀਆਂ ਤੱਕ ਦੇ ਮੁੱਖ ਵਿਸ਼ਿਆਂ ਪੰਜਾਬੀ, ਅੰਗਰੇਜ਼ੀ, ਗਣਿਤ, ਹਿੰਦੀ, ਸਮਾਜਿਕ ਸਿੱਖਿਆ ਅਤੇ ਸਾਇੰਸ ਦੇ ਪ੍ਰਸ਼ਨ ਪੱਤਰ ਮੁੱਖ ਦਫ਼ਤਰ ਵਲੋਂ ਭੇਜੇ ਜਾਣਗੇ, ਇਨ੍ਹਾਂ ਜਮਾਤਾਂ ਦੇ ਬਾਕੀ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਸਕੂਲ ਮੁਖੀ ਆਪਣੇ ਪੱਧਰ ’ਤੇ ਅਧਿਆਪਕਾਂ ਤੋਂ ਤਿਆਰ ਕਰਵਾਉਣਗੇ। 11ਵੀਂ ਅਤੇ 12ਵੀਂ ਸ਼੍ਰੇਣੀ ਦੇ ਪੰਜਾਬੀ, ਅੰਗਰੇਜ਼ੀ, ਅਰਥ ਸ਼ਾਸਤਰ, ਪੋਲ ਸਾਇੰਸ, ਹਿਸਟਰੀ, ਭੂਗੋਲ, ਗਣਿਤ, ਫਿਜ਼ਿਕਸ ਵਰਗੇ ਮੁੱਖ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਮੁੱਖ ਦਫ਼ਤਰ ਭੇਜੇਗਾ ਅਤੇ ਬਾਕੀਆਂ ਦੇ ਸਕੂਲ ਵੱਲੋਂ ਤਿਆਰ ਕੀਤੀ ਜਾਣਗੇ।