ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Dallewal: ਕਿਸਾਨਾਂ ਨੇ ਡੱਲੇਵਾਲ ਦੁਆਲੇ ਘੇਰਾ ਵਧਾਇਆ; ਹਜ਼ਾਰਾਂ ਕਿਸਾਨ ਖਨੌਰੀ ਬਾਰਡਰ ਉੱਤੇ ਪੁੱਜੇ

ਪੁਲੀਸ ਵੱਲੋਂ ਖਨੌਰੀ ਬਾਰਡਰ ਨੇੜੇ ਜਲ ਤੋਪਾਂ, ਦੰਗਾ ਰੋਕੂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ; ਪੰਜ ਹਜ਼ਾਰ ਪੁਲੀਸ ਮੁਲਾਜ਼ਮਾਂ ਨੂੰ ਅਲਰਟ ’ਤੇ ਰੱਖਿਆ
ਕਿਸਾਨ ਆਗੂ ਢਾਬੀ ਗੁੱਜਰਾਂ ਬਾਰਡਰ ਉੱਤੇ ਪੁਲੀਸ ਦੀ ਕਿਸੇ ਵੀ ਸੰਭਾਵੀ ਕਾਰਵਾਈ ਖਿਲਾਫ ਚੇਤਾਵਨੀ ਦਿੰਦੇ ਹੋੲੋ।
Advertisement

ਸਰਬਜੀਤ ਸਿੰਘ ਭੰਗੂ/ ਗੁਰਨਾਮ ਸਿੰਘ ਚੌਹਾਨ

ਪਟਿਆਲਾ/ਪਾਤੜਾਂ, 30 ਦਸੰਬਰ

Advertisement

ਇਥੇ ਖਨੌਰੀ ਨੇੜੇ ਢਾਬੀ ਗੁੱਜਰਾਂ ਬਾਰਡਰ ’ਤੇ ਪਿਛਲੇ 35 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ (70) ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਉੱਤੇ 31 ਦਸੰਬਰ ਤੱਕ ਹਸਪਤਾਲ ਵਿਚ ਤਬਦੀਲ ਕਰਨ ਜਾਂ ਮੈਡੀਕਲ ਸਹਾਇਤਾ ਦੇਣ ਦੇ ਹੁਕਮਾਂ ਦਰਮਿਆਨ ਕਿਸਾਨ ਆਗੂ (ਡੱਲੇਵਾਲ) ਨੂੰ ਜਬਰੀ ਚੁੱਕਣ ਦੀ ਸੰਭਾਵੀ ਕਾਰਵਾਈ ਦੇ ਮੱਦੇਨਜ਼ਰ ਕਿਸਾਨਾਂ ਨੇ ਡੱਲੇਵਾਲ ਦੁਆਲੇ ਸੁਰੱਖਿਆ ਘੇਰਾ ਹੋਰ ਮਜ਼ਬੂਤ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਖਨੌਰੀ ਬਾਰਡਰ ਨੇੜੇ ਕੀਤੀਆਂ ਤਿਆਰੀਆਂ ਦੇ ਮੱਦੇਨਜ਼ਰ ਹਲਚਲ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਢਾਬੀਗੁੱਜਰਾਂ ਬਾਰਡਰ ਤੋਂ ਕੁਝ ਦੂਰੀ ’ਤੇ ਪਾਤੜਾਂ ਵਿਖੇ ਕਈ ਜਲਤੋਪਾਂ, ਦੰਗਾ ਰੋਕੂ ਗੱਡੀਆਂ, ਫਾਇਰ ਬ੍ਰਿਗੇਡ ਅਤੇ ਐਂਬੂਲੈਸ ਵੈਨਾਂ ਆਦਿ ਤਾਇਨਾਤ ਕੀਤੀਆਂ ਗਈਆਂ ਹਨ। ਸੂਤਰਾਂ ਮੁਤਾਬਕ ਪੰਜ ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮਾਂ ਨੂੰ ਅਲਰਟ ਕੀਤਾ ਗਿਆ ਹੈ। ਸੋਮਵਾਰ ਤੇ ਮੰਗਲਵਾਰ ਦੀ ਰਾਤ ਨੂੰ ਧਰਨੇ ਵਾਲੀ ਥਾਂ ਧਾਵਾ ਬੋਲਣ ਦੀ ਚਰਚਾ ਜ਼ੋਰਾਂ ’ਤੇ ਹੈ। ਹਾਲਾਂਕਿ ਆਲ੍ਹਾ ਮਿਆਰੀ ਸੂਤਰਾਂ ਮੁਤਾਬਕ ਪੁਲੀਸ ਨੇ ਸਲਾਹ ਮਸ਼ਵਰੇ ਮਗਰੋਂ ਅਜਿਹੇ ਕੋਈ ਕਾਰਵਾਈ ਕਰਨ ਤੋਂ ਹਾਲ ਦੀ ਘੜੀ ਟਾਲਾ ਵੱਟ ਲਿਆ ਹੈ।

ਖਨੌਰੀ ’ਚ ਢਾਬੀ ਗੁੱਜਰਾਂ ਬਾਰਡਰ ਨੇੜੇ ਧਰਨੇ ਵਾਲੀ ਥਾਂ ਤੋਂ ਕੁਝ ਦੂਰੀ ਉੱਤੇ ਤਾਇਨਾਤ ਜਲਤੋਪਾਂ ਤੇ ਦੰਗਾ ਰੋਕੂ ਗੱਡੀਆਂ।

ਸੂਤਰਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਅੱਜ ਦੀ ਇਹ ਮਸ਼ਕ ਕਿਸਾਨਾਂ ਦਾ ਦਮ-ਖਮ ਪਰਖਣ ਲਈ ਕੀਤੀ ਗਈ ਹੈ। ਇਸ ਦੌਰਾਨ ਪੁਲੀਸ ਅਧਿਕਾਰੀ ਅੱਜ ਦਿਨ ਭਰ ਢਾਬੀਗੁੱਜਰਾਂ ਬਾਰਡਰ ’ਤੇ ਸਰਗਰਮ ਰਹੇ। ਖਾਸ ਕਰਕੇ ਸਾਬਕਾ ਏਡੀਜੀਪੀ ਜਸਕਰਨ ਸਿੰਘ ਨੇ ਡੱਲੇਵਾਲ ਨੂੰ ਟਰੀਟਮੈਂਟ ਲਈ ਮਨਾਉਣ ਲਈ ਬਹੁਤ ਜ਼ੋਰ ਲਾਇਆ। ਹਾਲਾਂਕਿ ਡੱਲੇਵਾਲ ਟੱਸ ਤੋਂ ਮੱਸ ਨਹੀਂ ਹੋਏ। ਡੀਆਈਜੀ ਮਨਦੀਪ ਸਿੱਧੂ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਵੱਲੋਂ ਵੀ ਕੋਸ਼ਿਸ਼ਾਂ ਜਾਰੀ ਹਨ।

ਉਧਰ ਕਿਸਾਨਾਂ ਨੇ ਵੀ ਪੁਲੀਸ ਦੀਆਂ ਸੰਭਾਵੀ ਤਿਆਰੀਆਂ ਦੇ ਮੱਦੇਨਜ਼ਰ ਆਪਣੀ ਤਿਆਰੀ ਕੱਸੀ ਹੋਈ ਹੈ। ਉਨ੍ਹਾਂ ਸੁਨੇਹੇ ਦੇ ਕੇ ਬਾਰਡਰ ’ਤੇ ਕਿਸਾਨਾਂ ਦਾ ਇਕੱਠ ਹੋਰ ਵਧਾ ਲਿਆ ਹੈ। ਡੱਲੇਵਾਲ ਦੁਆਲੇ ਪਹਿਰਾ ਹੋਰ ਵੀ ਸਖ਼ਤ ਕਰ ਦਿੱਤਾ ਗਿਆ ਹੈ। ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਸੁਰਜੀਤ ਫੂਲ, ਸੁਖਜੀਤ ਸਿੰੰਘ ਹਰਦੋਝੰਡੇ, ਅਭਿਮੰਨਿਯੂ ਕੋਹਾੜ ਅਤੇ ਜਸਵਿੰਦਰ ਲੌਂਗੋਵਾਲ਼ ਸਮੇਤ ਹੋਰ ਕਿਸਾਨ ਆਗੂ ਪਹਿਲਾਂ ਹੀ ਆਖ ਚੁੱਕੇ ਹਨ ਕਿ ਪੁਲੀਸ ਦੀ ਅਜਿਹੀ ਕਾਰਵਾਈ ਦਾ ਉਹ ਡਟ ਕੇ ਵਿਰੋਧ ਕਰਨਗੇ।

Advertisement