ਡੱਲੇਵਾਲ ਵੱਲੋਂ ਵੜਿੰਗ ਟੌਲ ਪਲਾਜ਼ਾ ਬੰਦ ਰੱਖਣ ਦੀ ਚਿਤਾਵਨੀ
ਗੁਰਸੇਵਕ ਸਿੰਘ ਪ੍ਰੀਤ
ਵੜਿੰਗ ਟੌਲ ਪਲਾਜ਼ਾ ਬੰਦ ਕਰਨ ਸਬੰਧੀ ਮੁਕਤਸਰ ਪ੍ਰਸ਼ਾਸਨ ਦੋ ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਈ ਆਗੂਆਂ ਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ’ਚ ਭੇਜ ਰਿਹਾ ਹੈ। ਪ੍ਰਸ਼ਾਸਨ ਦੀ ਇਸ ਕਾਰਵਾਈ ਮਗਰੋਂ ਇਹ ਮਾਮਲਾ ਸੂਬਾ ਪੱਧਰ ’ਤੇ ਭਖ ਗਿਆ ਹੈ। ਬੇ.ਕੇ.ਯੂ. ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਮੁਕਤਸਰ ਪ੍ਰਸ਼ਾਸਨ ਨਾਲ ਬੈਠਕ ਕਰਨ ਮਗਰੋਂ ਕਿਹਾ ਕਿ ਪ੍ਰਸ਼ਾਸਨ ਟੌਲ ਪਲਾਜ਼ਾ ਚਾਲੂ ਰੱਖਣ ਲਈ ਬਜ਼ਿੱਦ ਹੈ, ਜਦੋਂ ਕਿ ਇਹ ਸੜਕ ਅਤੇ ਸੜਕ ’ਤੇ ਬਣੇ ਨਹਿਰਾਂ ਦੇ ਪੁਲ ਟੌਲ ਦੀਆਂ ਸ਼ਰਤਾਂ ਅਨੁਸਾਰ ਨਹੀਂ ਹਨ।
ਉਨ੍ਹਾਂ ਕਿਹਾ ਕਿ ਇਹ ਗੱਲ ਸਮਝ ਤੋਂ ਪਰੇ ਹੈ ਕਿ ਜਦੋਂ ਲੋਕ ਤੰਗ ਪੁਲਾਂ ਕਰ ਕੇ ਸੜਕੀ ਹਾਦਸਿਆਂ ਵਿੱਚ ਮਰ ਰਹੇ ਹਨ ਤਾਂ ਪ੍ਰਸ਼ਾਸਨ ਕਿਸ ਵਜ੍ਹਾ ਨਾਲ ਟੌਲ ਕੰਪਨੀ ਨੂੰ ਟੌਲ ਲਗਾਉਣ ਦੀ ਇਜਾਜ਼ਤ ਦੇ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪ੍ਰਸ਼ਾਸਨ ਉਨ੍ਹਾਂ ਦੇ ਜਿੰਨੇ ਮਰਜ਼ੀ ਬੰਦੇ ਗ੍ਰਿਫ਼ਤਾਰ ਕਰ ਲਵੇ, ਜਥੇਬੰਦੀ ਇਹ ਟੌਲ ਪਲਾਜ਼ਾ ਨਹੀਂ ਚੱਲਣ ਦੇਵੇਗੀ। ਉਨ੍ਹਾਂ ਦੱਸਿਆ ਕਿ ਟੌਲ ਪਲਾਜ਼ਾ ਬੰਦ ਕਰਨ ਲਈ ਜਥੇਬੰਦੀ ਵੱਲੋਂ ਹਰ ਦਿਨ ਵੱਖ-ਵੱਖ ਜਥੇ ਭੇਜੇ ਜਾਣਗੇ। ਇਸ ਮੌਕੇ ਪੁਲੀਸ ਦੇ ਅਧਿਕਾਰੀਆਂ ਵੱਲੋਂ ਡੱਲੇਵਾਲ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਮਸਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਜਥੇਬੰਦੀ ਪਿੱਛੇ ਨਹੀਂ ਹਟੇਗੀ। ਇਸ ਮੌਕੇ ਪ੍ਰਸ਼ਾਸਨ ਵੱਲੋਂ ਟੌਲ ਪਲਾਜ਼ਾ ਦੇ ਨੇੜੇ ਵੱਡੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਕੀਤਾ ਹੋਇਆ ਹੈ।