ਧਨੌਲਾ ਦੇ ਪ੍ਰਾਚੀਨ ਬਰਨੇਵਾਲਾ ਮੰਦਰ ’ਚ ਸਿਲੰਡਰ ਫਟਿਆ, 15 ਝੁਲਸੇ
ਪੁਲੀਸ ਵੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੰਦਰ ਵਿੱਚ ਪਹੁੰਚ ਗਈ। ਮੰਦਰ ’ਚ ਅੱਗ ਬੁਝਾਉਣ ਲਈ ਕੋਈ ਪ੍ਰਬੰਛ ਨਾ ਹੋਣ ਕਾਰਨ ਅੱਗ ’ਤੇ ਜਲਦ ਕਾਬੂ ਨਹੀਂ ਪਾਇਆ ਜਾ ਸਕਿਆ। ਚਾਰ ਪਹੀਆ ਤੇ ਦੋ ਪਹੀਆਂ ਵਾਹਨਾਂ ’ਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਹਰ ਮੰਗਲਵਾਰ ਮੰਦਰ ਵਿੱਚ ਸ਼ਰਧਾਲੂਆਂ ਵੱਲੋਂ ਲੰਗਰ ਲਾਇਆ ਜਾਂਦਾ ਹੈ। ਅੱਜ ਲੰਗਰ ਬਰਨਾਲਾ ਦੇ ਕਿਸੇ ਸਰਧਾਲੂ ਵੱਲੋਂ ਲਾਇਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਲੰਗਰ ਬਣਾਉਣ ਵਾਲੇ ਹਲਵਾਈ ਸਟਾਫ਼ ਦੇ ਅੱਠ ਮੈਂਬਰਾਂ ’ਤੇ 7 ਔਰਤਾਂ ਪੂਰੀਆਂ ਵੇਲਣ ਵਾਲੀਆਂ ਦੇ ਝੁਲਸਣ ਬਾਰੇ ਪਤਾ ਲੱਗਾ ਹੈ ਅਤੇ ਇਸ ਤੋਂ ਇਲਾਵਾ ਮੰਦਰ ’ਚ ਆਏ ਕਈ ਸ਼ਰਧਾਲੂਆਂ ਦੇ ਝੁਲਸਣ ਦਾ ਪਤਾ ਲੱਗਾ ਹੈ।
ਮੰਦਰ ’ਚ ਕਾਫੀ ਭੀੜ ਹੋਣ ਕਾਰਨ ਜਦੋਂ ਸਿਲੰਡਰ ਫਟਿਆ ਤਾਂ ਇਕਦਮ ਚੀਕ ਚਿਹਾੜਾ ਪੈ ਗਿਆ ਅਤੇ ਜਖ਼ਮੀ ਵਿਅਕਤੀ ਆਪਣੀ ਜਾਨ ਬਚਾਉਣ ਲਈ ਆਵਾਜ਼ਾਂ ਮਾਰ ਰਹੇ ਸਨ। ਇਹ ਪ੍ਰਾਚੀਨ ਮੰਦਰ ਧਨੌਲਾ ਤੋਂ ਬਾਹਰ ਖੇਤਾਂ ’ਚ ਬਣਿਆ ਹੋਇਆ ਹੈ। ਜ਼ਖ਼ਮੀ ਵਿਅਕਤੀਆਂ ਵਿੱਚ ਦਲੀਪ, ਮਿੱਠੂ ਸਿੰਘ ,ਅਵੀ ਨੰਦਨ, ਅਜੇ, ਬਲਵਿੰਦਰ ਸਿੰਘ, ਰਾਮ ਜਤਨ ,ਵਿਸ਼ਾਲ, ਰਾਮ ਚੰਦਰ ਗੁਰਮੀਤ ਕੌਰ, ਮਨਜੀਤ ਕੌਰ, ਗੁਰਮੇਲ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ ,ਸੁਰਜੀਤ ਕੌਰ, ਸਰਬਜੀਤ ਕੌਰ ਆਜ ਸ਼ਾਮਲ ਹਨ।
ਜਿਵੇਂ ਹੀ ਖ਼ਬਰ ਦਾ ਪਤਾ ਲੱਗਾ ਤਾਂ ਧਨੌਲਾ ਦੇ ਸਮਾਜ ਸੇਵੀ ਲੋਕ ਅਤੇ ਥਾਣੇਦਾਰ ਸੁਖਦੇਵ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਦੀ ਮਦਦ ਕੀਤੀ। ਡਾਕਟਰ ਜਸਪਿੰਦਰ ਕੌਰ, ਸਹਾਇਕ ਸਟਾਫ ਸਰਬਜੀਤ ਕੌਰ, ਜਸਪ੍ਰੀਤ ਕੌਰ, ਅਮਰੀਕ ਸਿੰਘ ਸੰਘੇੜਾ ਹਰਬੰਸ ਸਿੰਘ , ਅਮਰੀਕ ਸਿੰਘ ਆਦਿ ਨੇ ਜ਼ਖ਼ਮੀਆਂ ਦੀ ਮੱਲ੍ਹਮ ਪੱਟੀ ਕਰਕੇ ਮੁਢਲੀ ਸਹਾਇਤਾ ਦਿੱਤੀ। ਇਸ ਮੌਕੇ ਧਨੌਲਾ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਸਿੰਘ ਸੋਢੀ ਤੇ ਅਜੇ ਕੁਮਾਰ ਕੌਂਸਲਰ ਆਦਿ ਨੇ ਵੀ ਪੂਰਾ ਸਹਿਯੋਗ ਦਿੱਤਾ।