ਸਰਹੱਦ ਪਾਰੋਂ ਤਸਕਰੀ, 5.4 ਕਿਲੋ ਹੈਰੋਇਨ, ਚੀਨੀ ਪਿਸਤੌਲ ਸਣੇ ਗੋਲਾ ਬਾਰੂਦ ਬਰਾਮਦ
ਅਬੋਹਰ ਸੈਕਟਰ ਹੈੱਡਕੁਆਰਟਰ ਅਧੀਨ ਕੰਮ ਕਰ ਰਹੇ 65 ਬਟਾਲੀਅਨ ਬਾਰਡਰ ਸੁਰੱਖਿਆ ਬਲ (BSF) ਦੇ ਜਵਾਨਾਂ ਦੁਆਰਾ ਫੜੇ ਗਏ ਦੋ ਸ਼ੱਕੀ ਵਿਅਕਤੀਆਂ ਤੋਂ ਕੀਤੀ ਪੁੱਛਗਿੱਛ ਦੇ ਆਧਾਰ ’ਤੇ 10 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ।
ਇਹ ਹੈਰੋਇਨ ਜਲਾਲਾਬਾਦ ਵਿੱਚ ਕੌਮਾਂਤਰੀ ਸਰਹੱਦ ਦੇ ਨੇੜੇ ਪਾਕਿਸਤਾਨੀ ਪਾਸਿਓਂ ਇੱਕ ਡਰੋਨ ਰਾਹੀਂ ਸੁੱਟੀ ਗਈ ਸੀ। ਇਸ ਸਬੰਧੀ ਜਲਾਲਾਬਾਦ ਸਦਰ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਅਤੇ ਇੰਸਪੈਕਟਰ ਸ਼ਿਮਲਾ ਰਾਣੀ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਕੰਪਨੀ ਕਮਾਂਡਰ ਵਜੋਂ ਕੰਮ ਕਰ ਰਹੇ ਇੰਸਪੈਕਟਰ ਰੈਂਕ ਦੇ ਇੱਕ ਅਧਿਕਾਰੀ ਨੇ ਜਲਾਲਾਬਾਦ ਸਦਰ ਥਾਣੇ ਨੂੰ ਸੂਚਿਤ ਕੀਤਾ ਕਿ 23-24 ਨਵੰਬਰ ਦੀ ਦਰਮਿਆਨੀ ਰਾਤ ਨੂੰ ਗਸ਼ਤ ਦੌਰਾਨ ਤਾਹਲੀਵਾਲਾ ਖੇਤਰ ਵਿੱਚ ਚੱਕ ਬਾਜਿਦਾ ਦੇ ਕਰਨੈਲ ਸਿੰਘ (50) ਅਤੇ ਗੁਰਪ੍ਰੀਤ ਸਿੰਘ ਲਵਪ੍ਰੀਤ (27) ਸ਼ੱਕੀ ਹਾਲਤ ਵਿੱਚ ਘੁੰਮਦੇ ਦੇਖੇ ਗਏ।
ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਉਹ ਫ਼ੋਨ ’ਤੇ ਪਾਕਿਸਤਾਨ ਵਿੱਚ ਕਿਸੇ ਨਸ਼ਾ ਤਸਕਰ ਦੇ ਸੰਪਰਕ ਵਿੱਚ ਸਨ। ਇਸ ਸਬੰਧ ਵਿੱਚ NDPS ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਫਾਜ਼ਿਲਕਾ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲੀਸ (SSP) ਗੁਰਮੀਤ ਸਿੰਘ ਨੇ ਵੇਰਵੇ ਸਾਂਝੇ ਕਰਦਿਆਂ ਅੱਜ ਦੱਸਿਆ ਕਿ ਚੱਕ ਤਾਹਲੀਵਾਲਾ ਵਿੱਚ ਬਲਜਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਗਿਆ। ਪੁਲੀਸ ਨੇ ਪੀਲੀ ਟੇਪ ਵਿੱਚ ਲਪੇਟੇ ਹੋਏ ਹੈਰੋਇਨ ਦੇ 10 ਪੈਕੇਟ , ਜਿਨ੍ਹਾਂ ਦਾ ਕੁੱਲ ਵਜ਼ਨ 5.414 ਕਿਲੋਗ੍ਰਾਮ ਸੀ, ਦੇ ਨਾਲ-ਨਾਲ ਇੱਕ ਚੀਨੀ ਪਿਸਤੌਲ, ਚਾਰ ਮੈਗਜ਼ੀਨ ਅਤੇ .30 ਬੋਰ ਦੇ 12 ਕਾਰਤੂਸ ਬਰਾਮਦ ਕੀਤੇ। ਉਸਦਾ ਨਾਮ ਹੁਣ ਐਫਆਈਆਰ ਵਿੱਚ ਦਰਜ ਕਰ ਲਿਆ ਗਿਆ ਹੈ ਅਤੇ ਉਸਨੂੰ ਗ੍ਰਿਫਤਾਰ ਕਰਨ ਲਈ ਯਤਨ ਜਾਰੀ ਹਨ।
