ਕ੍ਰਿਪਟੋ ਕਰੰਸੀ ਵਿੱਚ ਕਰੋੜਾਂ ਰੁਪਏ ਡੁੱਬੇ
ਅਰਬ ਦੇਸ਼ ਦੀ ਕ੍ਰਿਪਟੋ ਕਰੰਸੀ ਵਿੱਚ ਸਥਾਨਕ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬ ਗਏ ਹਨ। ਸ਼ਹਿਰ ਦੇ ਕਈ ਨਾਮੀ ਡਾਕਟਰਾਂ, ਕਾਰੋਬਾਰੀਆਂ ਅਤੇ ਹੋਰ ਸਿਆਸੀ ਆਗੂਆਂ ਨੂੰ ਘੱਟ ਸਮੇਂ ਵਿੱਚ ਵੱਧ ਮੁਨਾਫ਼ਾ ਕਮਾਉਣ ਦਾ ਲਾਲਚ ਦੇ ਕੇ ਸੀਨੀਅਰ ਭਾਜਪਾ ਆਗੂ ਰਾਹੀਂ ਯੋਜਨਾਬੱਧ ਤਰੀਕੇ ਨਾਲ ਠੱਗਿਆ ਗਿਆ ਹੈ।
ਐੱਸ ਐੱਸ ਪੀ ਅਜੈ ਗਾਂਧੀ ਨੇ ਕਿਹਾ ਕਿ ਕ੍ਰਿਪਟੋ ਕਰੰਸੀ ਦੇ ਨਾਂ ’ਤੇ ਧੋਖਾਧੜੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਫ਼ਰਜ਼ੀ ਸਕੀਮਾਂ ਤੋਂ ਸੁਚੇਤ ਰਹਿਣ।
ਉੱਥੇ ਹੀ ਡੀ ਐੱਸ ਪੀ ਸਿਟੀ ਗੁਰਪ੍ਰੀਤ ਸਿੰਘ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
ਸੂਤਰਾਂ ਅਨੁਸਾਰ ਇਨ੍ਹਾਂ ਕਾਰੋਬਾਰੀਆਂ ਅਤੇ ਡਾਕਟਰਾਂ ਨੇ ਸਥਾਨਕ ਭਾਜਪਾ ਆਗੂ ਰਾਹੀਂ 20 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਸੀ। ਇਸ ਦੇ ਨਾਲ ਹੀ ਕੁਝ ਹੋਰ ਲੋਕਾਂ ਨੇ ਵੀ ਕ੍ਰਿਪਟੋ ਕਰੰਸੀ ਨੂੰ ਆਪਣਾ ਕਾਰੋਬਾਰ ਬਣਾ ਕੇ ਲੋਕਾਂ ਨੂੰ ਝਾਂਸੇ ਵਿੱਚ ਲਿਆ ਅਤੇ ਉਨ੍ਹਾਂ ਦੇ ਕਰੋੜਾਂ ਰੁਪਏ ਨਿਵੇਸ਼ ਕਰਵਾ ਕੇ ਜਾਲ ਵਿੱਚ ਫਸਾ ਲਿਆ। ਇਸ ਠੱਗੀ ਦਾ ਸ਼ਿਕਾਰ ਹੋਏ ਸਥਾਨਕ ਨਾਗਰਿਕ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕੁਝ ਲੋਕਾਂ ਖ਼ਿਲਾਫ਼ ਕ੍ਰਿਪਟੋ ਕਰੰਸੀ ਦੇ ਨਾਂ ’ਤੇ ਧੋਖਾਧੜੀ ਕਰਨ ਦਾ ਦੋਸ਼ ਲਾਇਆ ਹੈ।
ਇਸ ਮਾਮਲੇ ਵਿੱਚ ਜ਼ਿਆਦਾਤਰ ਨਿਵੇਸ਼ਕਾਂ ਕੋਲ ਪੈਸੇ ਦੇ ਲੈਣ-ਦੇਣ ਦੀ ਕੋਈ ਰਸੀਦ ਜਾਂ ਲਿਖਤੀ ਸਬੂਤ ਨਾ ਹੋਣ ਕਾਰਨ ਨਿਰਾਸ਼ ਵਿੱਚ ਹਨ। ਸਿਟੀ ਪੁਲੀਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ-ਪੜਤਾਲ ਵਿੱਚ ਜੁਟ ਗਈ ਹੈ। ਇਸ ਦਾ ਕੋਈ ਅਧਿਕਾਰਤ ਅੰਕੜਾ ਨਹੀਂ ਹੈ ਕਿ ਕਿੰਨੇ ਲੋਕਾਂ ਨੇ ਅਰਬ ਦੇਸ਼ ਦੀ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕੀਤਾ ਜਾਂ ਕਿੰਨੇ ਲੋਕ ਇਸ ਵਿੱਚ ਕਾਰੋਬਾਰ ਕਰਦੇ ਹਨ ਪਰ ਦਿਨੋਂ-ਦਿਨ ਇਸ ਧੰਦੇ ਵਿਚ ਵਾਧਾ ਹੋ ਰਿਹਾ ਹੈ।
ਕੀ ਹੈ ਕ੍ਰਿਪਟੋ ਕਰੰਸੀ
ਕ੍ਰਿਪਟੋ ਕਰੰਸੀ ਡਿਜੀਟਲ ਜਾਂ ਵਰਚੁਅਲ ਮੁਦਰਾ ਹੈ, ਜਿਸ ’ਤੇ ਕਿਸੇ ਸਰਕਾਰ ਜਾਂ ਕੇਂਦਰੀ ਏਜੰਸੀ ਦਾ ਕੋਈ ਕੰਟਰੋਲ ਨਹੀਂ। ਇਹ ਸਿੱਕਿਆਂ ਜਾਂ ਨੋਟਾਂ ਵਾਂਗ ਠੋਸ ਰੂਪ ਵਿੱਚ ਨਹੀਂ ਹੁੰਦੀ, ਸਗੋਂ ਪੂਰੀ ਤਰ੍ਹਾਂ ਆਨਲਾਈਨ ਹੁੰਦੀ ਹੈ। ਇਸ ਵਿੱਚ ਕੋਈ ਸਪੱਸ਼ਟ ਨਿਯਮ ਨਾ ਹੋਣ ਕਾਰਨ ਨਿਵੇਸ਼ਕਾਂ ਨੂੰ ਧੋਖਾਧੜੀ ਦਾ ਖਤਰਾ ਰਹਿੰਦਾ ਹੈ। ਜੇ ਪੈਸਾ ਡੁੱਬ ਜਾਵੇ ਤਾਂ ਵਿਵਾਦ ਸੁਲਝਾਉਣ ਜਾਂ ਪੈਸੇ ਵਾਪਸ ਲੈਣ ਲਈ ਕੋਈ ਸਥਾਪਤ ਪ੍ਰਣਾਲੀ ਨਹੀਂ ਹੈ, ਜਿਸ ਕਾਰਨ ਨਿਵੇਸ਼ਕਾਂ ਨੂੰ ਸਾਰੇ ਕਾਨੂੰਨੀ ਅਤੇ ਵਿੱਤੀ ਜੋਖ਼ਮ ਖੁਦ ਹੀ ਝੱਲਣੇ ਪੈਂਦੇ ਹਨ।
