ਚਿੱਟੀ ਵੇਈਂ ਦੇ ਪਾਣੀ ਕਾਰਨ ਕਈ ਪਿੰਡਾਂ ’ਚ ਫ਼ਸਲਾਂ ਡੁੱਬੀਆਂ
ਸਬ-ਡਿਵੀਜ਼ਨ ਵਿੱਚੋਂ ਲੰਘ ਰਹੀ ਚਿੱਟੀ ਵੇਈਂ ਵਿੱਚ ਵਧੇ ਪਾਣੀ ਨੇ ਕਈ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਲਪੇਟ ਵਿੱਚ ਲੈ ਲਿਆ ਹੈ। ਚਿੱਟੀ ਵੇਈਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਇਸ ਕਾਰਨ ਤਲਵੰਡੀ ਭਰੋ, ਜਹਾਂਗੀਰ, ਸੀਹੋਵਾਲ, ਕੱਚੀ ਸਰਾਂ, ਮਲਸੀਆਂ ਕਾਂਗਣਾ, ਬਾਗਪੁਰ, ਢੱਡੇ, ਨਿਮਾਜੀਪੁਰ, ਈਸੇਵਾਲ, ਬਾਦਸ਼ਾਹਪੁਰ, ਨਵਾਂ ਪਿੰਡ ਖਾਲੇਵਾਲ, ਕੰਗ ਖੁਰਦ, ਮੁੰਡੀ ਸ਼ਹਿਰੀਆਂ ਤੇ ਕਾਲੂ, ਮੁੰਡੀ ਚੋਹਲੀਆਂ ਤੇ ਸ਼ਹਿਰੀਆਂ, ਖਾਨਪੁਰ ਰਾਜਪੂਤਾਂ, ਕੋਟਲੀ ਗਾਜਰਾਂ, ਮੱਲੀਆਂ ਕਲਾਂ ਤੇ ਖੁਰਦ ਤੋਂ ਇਲਾਵਾਂ ਹੋਰ ਪਿੰਡਾਂ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਉੱਗੀ, ਚੱਕ ਕਲਾਂ ਤੇ ਖੁਰਦ, ਆਲੋਵਾਲ, ਢੇਰੀਆਂ, ਸਾਦਿਕਪੁਰ, ਨੰਗਲ ਅੰਬੀਆਂ, ਕੰਨੀਆਂ ਕਲਾਂ ਤੇ ਖੁਰਦ, ਪਰਜੀਆਂ ਕਲਾਂ ਤੇ ਖੁਰਦ ਆਦਿ ਦੇ ਇਲਾਕੇ ਤੋਂ ਇਲਾਵਾ ਹੋਰ ਪਿੰਡਾਂ ਵਿੱਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਇਸ ਕਾਰਨ ਮਜ਼ਦੂਰਾਂ ਤੇ ਖ਼ਾਸ ਕਰ ਕੇ ਦਲਿਤਾਂ ਲਈ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਲੋਕਾਂ ਦੀ ਬਾਂਹ ਫੜਨ ਦੀ ਬਜਾਇ ਉਨ੍ਹਾਂ ਨੂੰ ਖ਼ੁਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਮਜ਼ਦੂਰਾਂ ਦੇ ਮਕਾਨ ਚੋਣ ਨਾਲ ਉਨ੍ਹਾਂ ਦਾ ਘਰੇਲੂ ਸਾਮਾਨ ਖ਼ਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਦੀ ਇਲਾਕਾ ਕਮੇਟੀ ਨੇ ਲੋੜਵੰਦਾਂ ਨੂੰ ਤਰਪਾਲਾਂ ਦਿਵਾਉਣ ਲਈ ਐੱਸ ਡੀ ਐੱਮ ਦਫ਼ਤਰ ਅੱਗੇ ਧਰਨਾ ਲਗਾਇਆ ਸੀ। ਐੱਸ ਡੀ ਐੱਮ ਵੱਲੋਂ ਇੱਕ ਘੰਟੇ ਵਿੱਚ ਲੋੜਵੰਦਾਂ ਨੂੰ ਤਰਪਾਲਾਂ ਦੇਣ ਦਾ ਵਾਅਦਾ ਪੂਰਾ ਨਹੀਂ ਹੋਇਆ। ਇਸੇ ਤਰ੍ਹਾਂ ਇਲਾਕਾ ਕਮੇਟੀ ਨਕੋਦਰ ਨੇ ਲੋੜਵੰਦਾਂ ਨੂੰ ਤਰਪਾਲਾਂ ਦਿਵਾਉਣ ਲਈ ਜਦੋਂ ਐੱਸ ਡੀ ਐੱਮ ਨਕੋਦਰ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਯੂਨੀਅਨ ਆਗੂਆਂ ਨੂੰ ਸਾਰਾ ਦਿਨ ਬਿਠਾ ਕੇ ਨਕੋਦਰ ਦੀ ਵਿਧਾਇਕਾ ਦੇ ਦਫ਼ਤਰ ਭੇਜ ਦਿੱਤਾ।