ਕੈਥਲ ਹਾਦਸੇ ’ਚ ਜਾਨ ਗੁਆਉਣ ਵਾਲਿਆਂ ਦਾ ਰਾਮੇਆਣਾ ’ਚ ਸਸਕਾਰ
ਸ਼ਗਨ ਕਟਾਰੀਆ
ਹਰਿਆਣਾ ਦੇ ਕੈਥਲ ਨੇੜੇ ਕੱਲ੍ਹ ਵਾਪਰੇ ਸੜਕ ਹਾਦਸੇ ਕਾਰਨ ਫ਼ੌਤ ਹੋਏ ਪਿੰਡ ਰਾਮੇਆਣਾ ਦੇ ਪੰਜ ਵਿਅਕਤੀਆਂ ਦਾ ਅੱਜ ਪਿੰਡ ਵਿੱਚ ਸਸਕਾਰ ਕੀਤਾ ਗਿਆ। ਸਸਕਾਰ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਜਾਣਕਾਰੀ ਅਨੁਸਾਰ ਇਸ ਸਮੇਂ ਪੀੜਤ ਪਰਿਵਾਰਾਂ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਤੋਂ ਇਲਾਵਾ ਜੈਤੋ ਅਤੇ ਨੇੜਲੇ ਹੋਰ ਪਿੰਡਾਂ ਦੇ ਵੱਡੀ ਗਿਣਤੀ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ, ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਹਰਸਿਮਰਨ ਮਲਹੋਤਰਾ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸਾਬਕਾ ਵਿਧਾਇਕ ਬਲਦੇਵ ਸਿੰਘ ਕਲਿਆਣ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਸੀਨੀਅਰ ਅਕਾਲੀ ਆਗੂ ਸੂਬਾ ਸਿੰਘ ਬਾਦਲ, ਕਾਂਗਰਸੀ ਆਗੂ ਦਰਸ਼ਨ ਸਿੰਘ ਢਿੱਲਵਾਂ, ਸੂਰਜ ਭਾਰਦਵਾਜ, ਕਾਂਗਰਸੀ ਆਗੂ ਸੁਰਜੀਤ ਸਿੰਘ ਬਾਬਾ, ਅਜੈਪਾਲ ਸਿੰਘ ਸੰਧੂ, ਰਾਮੇਆਣਾ ਦੇ ਸਰਪੰਚ ਰਾਜਦੀਪ ਸਿੰਘ ਔਲਖ ਸਣੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਆਗੂ ਮੌਜੂਦ ਸਨ।
ਗ਼ੌਰਤਲਬ ਹੈ ਕਿ ਪਿੰਡ ਰਾਮੇਆਣਾ ਵਾਸੀ ਇੱਥੋਂ ਇੱਕ ਤੋਂ ਪਿਕਅੱਪ ਗੱਡੀ ’ਤੇ ਪਿਹੋਵਾ ਸਥਿਤ ਗੁਰੂ ਘਰ ਦੇ ਦਰਸ਼ਨਾਂ ਲਈ ਜਾ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਕੈਥਲ ਨੇੜੇ ਹਰਿਆਣਾ ਗੱਡੀ ਦੇ ਰੋਡਵੇਜ਼ ਦੀ ਬੱਸ ਨਾਲ ਟਕਰਾਉਣ ਕਾਰਨ ਹਾਦਸਾ ਵਾਪਰ ਗਿਆ। ਇਸ ਕਾਰਨ ਬਾਬਾ ਮੱਖਣ ਸਿੰਘ ਕਾਰ ਸੇਵਾ ਵਾਲੇ, ਹਕੀਕਤ ਸਿੰਘ ਖਾਲਸਾ, ਨਰਿੰਦਰ ਸਿੰਘ ਖਾਲਸਾ, ਕਾਕੂ ਸਿੰਘ ਖਾਲਸਾ ਅਤੇ ਤਾਰਾ ਸਿੰਘ ਖਾਲਸਾ ਦਾ ਦੇਹਾਂਤ ਹੋ ਗਿਆ ਸੀ।