ਸਰਹੱਦੀ ਪਿੰਡਾਂ ਨੂੰ ਜੋੜਨ ਵਾਲੀ ਸੜਕ ’ਚ ਪਾੜ
ਹੜ੍ਹ ਕਾਰਨ ਇਥੇ ਸਰਹੱਦੀ ਪਿੰਡ ਰਾਮ ਸਿੰਘ ਵਾਲੀ ਭੈਣੀ ਦੇ ਨਜ਼ਦੀਕ ਵੱਖ-ਵੱਖ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀ ਸੜਕ ’ਤੇ ਪਾੜ ਪੈ ਗਿਆ। ਇਸ ਬਾਰੇ ਪਤਾ ਲੱਗਣ ’ਤੇ ਪ੍ਰਸ਼ਾਸਨ ਵੱਲੋਂ ਅੱਜ ਸੜਕ ਵਿੱਚ ਪਾੜ ਭਰਨ ਦੀ ਕੋਸ਼ਿਸ਼ ਕੀਤੀ ਗਈ। ਪਾੜ ਹੁਣ ਵਧ ਕੇ ਕਰੀਬ 100 ਫੁੱਟ ਤੱਕ ਦਾ ਹੋ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਇੱਥੇ ਸੜਕ ਵਿੱਚ ਕਰੀਬ 25 ਫੁੱਟ ਡੂੰਘਾ ਅਤੇ 50 ਫੁੱਟ ਲੰਬਾ ਪਾੜ ਪੈ ਗਿਆ ਸੀ, ਜੋ ਹੁਣ ਵੱਧ ਕੇ 100 ਫੁੱਟ ਦਾ ਹੋ ਚੁੱਕਿਆ ਹੈ। ਪਾੜ ਪੈਣ ਕਾਰਨ 12 ਪਿੰਡਾਂ ਦਾ ਆਪਸੀ ਸੰਪਰਕ ਟੁੱਟ ਚੁੱਕਿਆ ਹੈ। ਇਸ ਤੋਂ ਇਲਾਵਾ ਕਾਵਾਂ ਵਾਲੀ ਪੱਤਣ ਤੋਂ ਲੈ ਕੇ ਆਸ ਪਾਸ ਦੀਆਂ ਸੜਕਾਂ ’ਤੇ ਵੀ ਡੂੰਘੇ ਟੋਏ ਪੈ ਚੁੱਕੇ ਹਨ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸਰਪੰਚ ਬਲਵੰਤ ਸਿੰਘ ਬੰਟੀ ਨੇ ਕਿਹਾ ਕਿ ਇਹ ਸੜਕ ’ਤੇ ਪਿਆ ਪਾੜ ਬਹੁਤ ਵੱਡਾ ਹੈ ਅਤੇ ਇਸ ਨੂੰ ਭਰਨ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਕਾਰਨ ਸਰਹੱਦੀ ਖੇਤਰ ਦੇ ਪਿੰਡਾਂ ਦਾ ਹਰ ਪੱਖ ਤੋਂ ਉਜਾੜਾ ਹੋ ਗਿਆ ਸੀ ਅਤੇ ਸਮਾਜ ਸੇਵੀ ਸੰਸਥਾਵਾਂ ਲਗਾਤਾਰ ਲੋਕਾਂ ਦੀ ਸਹਾਇਤਾ ਕਰਨ ਲਈ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਆਵਾਜਾਈ ਨਾ ਰੁਕਣ ਕਾਰਨ ਸੜਕ ’ਤੇ ਮਿੱਟੀ ਪਾਉਣ ਲਈ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਦੋ ਦਿਨਾਂ ਤੱਕ ਸੜਕ ਵਿੱਚ ਮਿੱਟੀ ਪਾ ਕੇ ਖਾਈ ਨੂੰ ਪੂਰ ਲਿਆ ਜਾਵੇਗਾ ਅਤੇ ਇਹ ਸੜਕ ਚਾਲੂ ਹੋ ਜਾਵੇਗੀ।