ਸੀਪੀਆਈ ਦਾ ਪੰਜ ਰੋਜ਼ਾ ਮਹਾ ਸੰਮੇਲਨ ਭਲਕ ਤੋਂ
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦਾ ਪੰਜ ਰੋਜ਼ਾ 25ਵਾਂ ਮਹਾ ਸੰਮੇਲਨ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿੱਚ ਹੋਵੇਗਾ। ਇਸ ਵਿੱਚ ਦੇਸ਼ ਭਰ ਤੋਂ 900 ਦੇ ਕਰੀਬ ਡੈਲੀਗੇਟ ਸ਼ਾਮਲ ਹੋਣਗੇ। ਇਸ ਸੰਮੇਲਨ ਦੀ ਸ਼ੁਰੂਆਤ 21 ਸਤੰਬਰ ਨੂੰ ਮੁਹਾਲੀ ਦੇ ਫੇਜ਼ 11 ਵਿੱਚ ਸਥਿਤ ਸਬਜ਼ੀ ਮੰਡੀ ਮੈਦਾਨ ਤੋਂ ਕੀਤੀ ਜਾਵੇਗੀ। ਇਸ ਤੋਂ ਬਾਅਦ 22 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 35 ਸਥਿਤ ਕਿਸਾਨ ਭਵਨ ਵਿੱਚ ਸੰਮੇਲਨ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਜਾਵੇਗਾ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸ਼ਹੀਦ ਭਗਤ ਸਿੰਘ ਦੇ ਭਤੀਜੇ ਪ੍ਰੋਫੈਸਰ ਜਗਮੋਹਨ ਸਿੰਘ ਵੱਲੋਂ ਕੀਤੀ ਜਾਵੇਗੀ। ਇਸ ਤੋਂ ਬਾਅਦ ਉਦਘਾਟਨੀ ਸਮਾਗਮ ਵਿੱਚ ਸੀਪੀਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਡੀ. ਰਾਜਾ ਅਤੇ ਹੋਰ ਕੌਮੀ ਆਗੂ ਸ਼ਾਮਲ ਹੋਣਗੇ। ਸੀਪੀਆਈ ਵੱਲੋਂ 22 ਤੋਂ 24 ਸਤੰਬਰ ਤੱਕ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿੱਚ ਵੱਖ-ਵੱਖ ਪ੍ਰੋਗਰਾਮਾਂ ਤਹਿਤ ਸਮਾਜ ਦੇ ਰਾਜਸੀ, ਸਮਾਜਿਕ ਅਤੇ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਅਪਣਾਏ ਜਾ ਰਹੇ ਤਾਨਾਸ਼ਾਹੀ ਰਵੱਈਏ ਅਤੇ ਪੰਜਾਬ ਦੇ ਮੌਜੂਦਾ ਹੜ੍ਹਾਂ ਦੇ ਹਾਲਾਤ ਨੂੰ ਲੈ ਕੇ ਵੀ ਚਰਚਾ ਕੀਤੀ ਜਾਵੇਗੀ। 25 ਸਤੰਬਰ ਨੂੰ ਸੀਪੀਆਈ ਦੇ ਮਹਾ ਸੰਮੇਲਨ ਦੀ ਸਮਾਪਤੀ ਕੀਤੀ ਜਾਵੇਗੀ। ਇਸ ਮੌਕੇ ਸੀਪੀਆਈ ਦੇ ਆਗੂਆਂ ਵੱਲੋਂ ਵੱਖ-ਵੱਖ ਮਤਿਆਂ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਜਥੇਬੰਦੀ ਦੇ ਆਗੂਆਂ ਦੀ ਚੋਣ ਕੀਤੀ ਜਾਵੇਗੀ। ਸੀਪੀਆਈ ਦੇ ਮਹਾਂ ਸੰਮੇਲਨ ਵਿੱਚ ਰੋਜ਼ਾਨਾ ਸ਼ਾਮ ਸਮੇਂ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਸੀਪੀਆਈ ਦੇ ਆਗੂਆਂ ਨੇ ਕਿਹਾ ਕਿ ਸੰਮੇਲਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ।