ਕੋਰਟ ਨੇ ਖਹਿਰਾ ਨੂੰ ਓਐੱਸਡੀ ਘੁੰਮਣ ਵਿਰੁੱਧ ਟਿੱਪਣੀ ਕਰਨ ਤੋਂ ਰੋਕਿਆ
ਇੱਕ ਸਥਾਨਕ ਅਦਾਲਤ ਨੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਅਗਲੇ ਹੁਕਮਾਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਵਿਰੁੱਧ ਮਾਣਹਾਨੀ ਵਾਲੇ ਬਿਆਨ ਦੇਣ ਤੋਂ ਰੋਕ ਦਿੱਤਾ ਹੈ।
ਅਦਾਲਤ ਨੇ ਵੀਰਵਾਰ ਨੂੰ ਰਾਜਬੀਰ ਸਿੰਘ ਵੱਲੋਂ ਦਾਇਰ ਮਾਣਹਾਨੀ ਦੇ ਮਾਮਲੇ ਵਿੱਚ ਇਹ ਹੁਕਮ ਦਿੱਤੇ ਹਨ। ਅਦਾਲਤ ਨੇ ਖਹਿਰਾ ਨੂੰ 11 ਅਗਸਤ ਲਈ ਨੋਟਿਸ ਵੀ ਜਾਰੀ ਕੀਤਾ ਹੈ। ਰਾਜਬੀਰ ਨੇ ਅਦਾਲਤ ਨੂੰ ਦੱਸਿਆ ਕਿ ਖਹਿਰਾ ਨੇ ਉਨ੍ਹਾਂ ਵਿਰੁੱਧ ਬੇਬੁਨਿਆਦ ਦੋਸ਼ ਲਗਾਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਖਹਿਰਾ ਨੇ ਜਾਣਬੁੱਝ ਕੇ ਭ੍ਰਿਸ਼ਟਾਚਾਰ ਦੇ ਬੇਬੁਨਿਆਦ ਦਾਅਵੇ ਕੀਤੇ ਹਨ ਤਾਂ ਜੋ ਉਨ੍ਹਾਂ ਦੀ ਅਕਸ ਨੂੰ ਖਰਾਬ ਕੀਤਾ ਜਾ ਸਕੇ।
ਉਧਰ ਸੁਖਪਾਲ ਖਹਿਰਾ ਨੇ ਸ਼ੁੱਕਰਵਾਰ ਸਵੇਰ ਆਪਣੇ ਐਕਸ ਖਾਤੇ ’ਤੇ ਪੋਸਟ ਕੀਤਾ ਕਿ ‘‘ਮੈਨੂੰ ਹੁਣੇ ਹੀ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਇੱਕ ਸਥਾਨਕ ਅਦਾਲਤ ਨੇ ਸੀਐੱਮ ਦੇ ਓਐੱਸਡੀ ਦੀ ਸ਼ਿਕਾਇਤ ’ਤੇ ਮੈਨੂੰ 11 ਅਗਸਤ ਲਈ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਹੈ ਜੋ ਮੈਨੂੰ ਅਜੇ ਤੱਕ ਨਹੀਂ ਮਿਲਿਆ! ਮੈਂ ਰਿਕਾਰਡ 'ਤੇ ਰੱਖਣਾ ਚਾਹੁੰਦਾ ਹਾਂ ਕਿ ਮੈਂ @dgppunjab ਦੇ ਨਾਮ ’ਤੇ ਗ੍ਰਹਿ ਮੰਤਰੀ ਵਜੋਂ @bhagwantmann ਵੱਲੋਂ 144 ਟੋਇਟਾ ਹੈਲਿਕਸ ਪਿਕਅੱਪ ਟਰੱਕਾਂ ਦੀ ਗਲਤ ਖਰੀਦ ਦਾ ਮੁੱਦਾ ਉਠਾਉਂਦਾ ਰਹਾਂਗਾ ਅਤੇ @aap ਆਗੂਆਂ ਕੇ ਭ੍ਰਿਸ਼ਟਾਚਾਰ ਦੇ ਇਸ ਮੁੱਦੇ ਨੂੰ ਇਸਦੇ ਤਰਕਪੂਰਨ ਸਿੱਟੇ 'ਤੇ ਲੈ ਜਾਵਾਂਗਾ।’’