ਅਦਾਲਤ ਵੱਲੋਂ ਸਾਬਕਾ ਮੰਤਰੀ ਧਰਮਸੋਤ ਦਾ ਪੁੱਤਰ ਭਗੌੜਾ ਕਰਾਰ
ਹਰਪ੍ਰੀਤ ਸਿੰਘ 28 ਮਾਰਚ 2025 ਤੋਂ ਬਾਅਦ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਸਾਲ 2024 ’ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਉੱਤੇ ਈਡੀ ਵੱਲੋਂ ਭ੍ਰਿਸ਼ਟਾਚਾਰ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉਸ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੋਇਆ ਹੈ। ਧਰਮਸੋਤ ਵੀ ਇਸ ਸਮੇਂ ਜ਼ਮਾਨਤ ਉੱਤੇ ਹਨ। ਅਦਾਲਤ ਨੇ ਇਸ ਮਾਮਲੇ ਸਬੰਧੀ ਤਿੰਨ ਵੱਖ-ਵੱਖ ਨੋਟਿਸ ਭੇਜੇ ਜਾਣ ਦੇ ਵੀ ਆਦੇਸ਼ ਦਿੱਤੇ ਹਨ। ਇਨ੍ਹਾਂ ਵਿੱਚੋਂ ਇੱਕ ਨੋਟਿਸ ਹਰਪ੍ਰੀਤ ਸਿੰਘ ਦੇ ਅਮਲੋਹ ਸਥਿਤ ਵਾਰਡ ਨੰਬਰ ਛੇ ਵਾਲੇ ਘਰ ਦੇ ਬਾਹਰ ਲਗਾਇਆ ਜਾਵੇਗਾ। ਇੱਕ ਕਿਸੇ ਹੋਰ ਜਨਤਕ ਥਾਂ ਉੱਤੇ ਅਤੇ ਤੀਜਾ ਨੋਟਿਸ ਅਦਾਲਤ ਦੇ ਪਬਲਿਕ ਨੋਟਿਸਾਂ ਵਾਲੇ ਬੋਰਡ ’ਤੇ ਲਗਾਉਣ ਲਈ ਆਖਿਆ ਗਿਆ ਹੈ। ਅਦਾਲਤ ਨੇ ਮਾਮਲੇ ’ਚ ਸਬੰਧਤ ਥਾਣੇ ਨੂੰ ਵੀ ਇਤਲਾਹ ਦੇਣ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਅਦਾਲਤ ਨੇ ਹਰਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤੇ ਸਨ। ਇਨ੍ਹਾਂ ਨੋਟਿਸਾਂ ਦੀ ਤੀਹ ਦਿਨ ਦੀ ਮਿਆਦ ਖ਼ਤਮ ਹੋਣ ਮਗਰੋਂ ਵੀ ਹਰਪ੍ਰੀਤ ਸਿੰਘ ਪੇਸ਼ ਨਹੀਂ ਹੋਇਆ। ਨੋਟਿਸਾਂ ਦੀ ਮਿਆਦ ਖ਼ਤਮ ਹੋਣ ਮਗਰੋਂ ਅਦਾਲਤ ਨੇ ਹਰਪ੍ਰੀਤ ਸਿੰਘ ਖਿਲਾਫ਼ ਕਾਰਵਾਈ ਕੀਤੀ ਹੈ। ਅਦਾਲਤ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 19 ਅਗਸਤ ਨੂੰ ਕੀਤੀ ਜਾਣੀ ਹੈ।