ਚਿੱਟੇ ਖਾਤਰ ਜੋੜੇ ਨੇ 6 ਮਹੀਨੇ ਦਾ ਮਾਸੂਮ 1 ਲੱਖ 80 ਹਜ਼ਾਰ ’ਚ ਵੇਚਿਆ
ਬੁਢਲਾਡਾ ਨੇੜਲੇ ਪਿੰਡ ਅਕਬਰਪੁਰ ਖੁਡਾਲ ਦੇ ਸੰਦੀਪ ਸਿੰਘ ਤੇ ਗੁਰਮਨ ਕੌਰ ਚਿੱਟਾ ਲਗਾਉਣ ਦੇ ਆਦੀ ਹਨ, ਉਨ੍ਹਾਂ ਚਿੱਟੇ ਦੀ ਪੂਰਤੀ ਲਈ ਆਪਣੇ 6 ਮਹੀਨੇ ਦੇ ਮਾਸੂਮ (ਲੜਕਾ) ਨੂੰ ਬੁਢਲਾਡਾ ਸ਼ਹਿਰ ਕਬਾੜੀਏ ਕੋਲ 1 ਲੱਖ 80 ਹਜ਼ਾਰ ਰੁਪਏ ’ਚ ਕਥਿਤ ਤੌਰ ’ਤੇ ਵੇਚ ਦਿੱਤਾ। ਜੋੜੇ ਨੇ ਦੱਸਿਆ ਕਿ ਚਿੱਟਾ ਉਨ੍ਹਾਂ ਦੀਆਂ ਰਗਾਂ ’ਚ ਹੈ। ਪਹਿਲਾਂ ਰਤੀਆ ਤੋਂ ਵੀ ਉਨ੍ਹਾਂ ਨੂੰ ਕਿਸੇ ਵਿਅਕਤੀ ਵਲੋਂ ਮਾਸੂਮ ਨੂੰ 5 ਲੱਖ ਰੁਪਏ ਵਿਚ ਵੇਚਣ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਮਗਰੋਂ ਬੁਢਲਾਡਾ ਦੇ ਕਬਾੜੀਏ ਨੇ ਉਨ੍ਹਾਂ ਦੀ ਹਾਲਤ ਦੇਖਦਿਆਂ ਬੱਚਾ ਕਥਿਤ ਤੌਰ ’ਤੇ ਖਰੀਦਣ ਦੀ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਨਸ਼ੇ ਦੀ ਲਤ ਪੂਰੀ ਕਰਨ ਲਈ 1 ਲੱਖ 80 ਹਜ਼ਾਰ ਰੁਪਏ ਵਿਚ ਬੱਚਾ ਵੇਚ ਦਿੱਤਾ। ਪਹਿਲਵਾਨ ਰਹੀ ਗੁਰਮਨ ਕੌਰ ਨੇ ਦੱਸਿਆ ਕਿ ਉਸ ਨੂੰ ਅਹਿਸਾਸ ਹੋਇਆ ਹੈ ਕਿ ਉਨ੍ਹਾਂ ਇਹ ਗਲਤ ਕਦਮ ਚੁੱਕ ਲਿਆ, ਹੁਣ ਉਹ ਆਪਣੇ ਬੱਚੇ ਨੂੰ ਵਾਪਸ ਲੈ ਕੇ ਉਸ ਦਾ ਪਾਲਣ ਪੋਸ਼ਣ ਕਰਨਾ ਚਾਹੁੰਦੀ ਹੈ। ਜੋੜੇ ਨੂੰ ਪਛਤਾਵਾ ਹੈ ਕਿ ਜੇ ਉਹ ਚਿੱਟੇ ਦੇ ਸ਼ਿਕਾਰ ਨਾ ਹੁੰਦੇ ਤਾਂ ਅੱਜ ਇਹ ਨੌਬਤ ਨਾ ਆਉਂਦੀ ਅਤੇ ਦੋਵੇਂ ਪਤੀ ਪਤਨੀ ਨੇ ਬਰੇਟਾ ਪੁਲੀਸ ਨੂੰ ਅਰਜ਼ੀ ਦੇਕੇ ਆਪਣਾ ‘ਪੁੱਤ’ ਵਾਪਸ ਮੰਗਿਆ ਹੈ।ਦੂਜੇ ਪਾਸੇ ਬੱਚਾ ਲੈਣ ਵਾਲੇ ਬੁਢਲਾਡਾ ਸ਼ਹਿਰ ਦੇ ਜੋੜੇ ਸੰਜੂ ਅਤੇ ਆਰਤੀ ਨੇ ਕਿਹਾ ਕਿ ਬੱਚੇ ਦੇ ਮਾਤਾ-ਪਿਤਾ ਨਸ਼ੇੜੀ ਹਨ। ਉਨ੍ਹਾਂ ਤੋਂ ਬੱਚੇ ਦਾ ਪਾਲਣ ਪੋਸ਼ਣ ਨਹੀਂ ਸੀ ਹੋ ਰਿਹਾ ਤੇ ਸਾਨੂੰ ਬੱਚੇ ਦੀ ਜ਼ਰੂਰਤ ਸੀ। ਉਨ੍ਹਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਬੱਚਾ ਗੋਦ ਲੈ ਲਿਆ, ਜਿਸ ਲਈ ਉਨ੍ਹਾਂ ਨੇ ਕੋਈ ਪੈਸਾ ਨਹੀਂ ਦਿੱਤਾ। ਗੋਦ ਲੈਣ ਵੇਲੇ ਬੱਚਾ ਬੇਹੱਦ ਬਿਮਾਰ ਸੀ ਅਤੇ ਉਨ੍ਹਾਂ ਖੁਦ ਇਸ ਮਾਸੂਮ ਦਾ ਇਲਾਜ ਵੀ ਕਰਵਾਇਆ ਹੈ। ਬਾਅਦ ਵਿਚ ਕਿਸੇ ਦੀ ਚੁੱਕ ਵਿਚ ਆਕੇ ਪਤੀ-ਪਤਨੀ ਨੇ ਇਹ ਮਾਮਲੇ ਨੂੰ ਹੋਰ ਰੂਪ ਦੇ ਦਿੱਤਾ ਅਤੇ ਉਨ੍ਹਾਂ ’ਤੇ ਬੱਚਾ ਖਰੀਦਣ ਦਾ ਦੋਸ਼ ਲਗਾ ਦਿੱਤੇ, ਜਦੋਂ ਕਿ ਉਨ੍ਹਾਂ ਕੋਲ ਬੱਚਾ ਗੋਦ ਲੈਣ ਦੀ ਸਾਰੀ ਕਾਨੂੰਨੀ ਕਾਰਵਾਈ ਦੇ ਦਸਤਾਵੇਜ਼ ਹਨ।
ਬੁਢਲਾਡਾ ਦੇ ਡੀ ਐੱਸ ਪੀ ਸਿਕੰਦਰ ਸਿੰਘ ਚੀਮਾ ਨੇ ਕਿਹਾ ਕਿ ਪੁਲੀਸ ਕੋਲ ਪਤੀ-ਪਤਨੀ ਦੀ ਆਪਣਾ ਬੱਚਾ ਵਾਪਸ ਲੈਣ ਸਬੰਧੀ ਦਰਖਾਸਤ ਆਈ ਹੈ, ਜਿਸ ਲਈ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
