ਗਿਣਤੀ ਮਿਣਤੀ ਫੇਲ੍ਹ: ਰਣਜੀਤ ਸਾਗਰ ਡੈਮ ’ਚੋਂ ਪਾਣੀ ਛੱਡਣਾ ਬੰਦ
ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਫੇਲ੍ਹ ਹੋਣ ਕਰ ਕੇ ਪੰਜਾਬ ਸਰਕਾਰ ਨੇ ਰਣਜੀਤ ਸਾਗਰ ਡੈਮ ’ਚੋਂ ਰਾਵੀ ’ਚ ਛੱਡਿਆ ਜਾ ਰਿਹਾ 20 ਹਜ਼ਾਰ ਕਿਊਸਿਕ ਪਾਣੀ ਅੱਜ ਬੰਦ ਕਰ ਦਿੱਤਾ ਹੈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 520.537 ਮੀਟਰ ਹੈ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸੱਤ ਮੀਟਰ ਹੇਠਾਂ ਹੈ। ਇਸ ਡੈਮ ਨੂੰ ਪਿਛਲੇ ਕੁਝ ਦਿਨਾਂ ਤੋਂ ਖਾਲੀ ਕੀਤਾ ਜਾ ਰਿਹਾ ਸੀ। ਰਣਜੀਤ ਸਾਗਰ ਡੈਮ ’ਚ ਸਭ ਤੋਂ ਵੱਧ 52,364 ਕਿਊਸਿਕ ਪਾਣੀ ਅੱਜ ਆਇਆ ਵੀ ਹੈ ਪ੍ਰੰਤੂ ਹੁਣ ਇਸ ਡੈਮ ’ਚੋਂ ਪਾਣੀ ਰਾਵੀ ਦਰਿਆ ’ਚ ਛੱਡਣਾ ਬੰਦ ਕਰ ਦਿੱਤਾ ਗਿਆ ਹੈ।
ਪਤਾ ਲੱਗਿਆ ਹੈ ਕਿ ਪਹਾੜਾਂ ’ਚੋਂ ਪਾਣੀ ਆਉਣ ਦੀ ਸੂਰਤ ’ਚ ਵੀ ਹੁਣ ਇਸ ਡੈਮ ਦੇ ਫਲੱਡ ਗੇਟ ਨਾ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਰਾਵੀ ਦਰਿਆ ’ਚ ਪਹਾੜਾਂ ’ਚੋਂ 22 ਖੱਡਾਂ ਰਾਹੀਂ ਜੋ ਪਾਣੀ ਆਉਂਦਾ ਹੈ, ਉਸ ਨੂੰ ਰੋਕਣਾ ਸੰਭਵ ਨਹੀਂ ਹੈ। ਭਾਰਤੀ ਮੌਸਮ ਵਿਭਾਗ ਨੇ ਲੰਘੇ ਕੱਲ੍ਹ ਰਾਵੀ ਦੇ ਖੇਤਰ ’ਚ 39 ਮਿਲੀਮੀਟਰ ਬਾਰਿਸ਼ ਪੈਣ ਦੀ ਪੇਸ਼ੀਨਗੋਈ ਕੀਤੀ ਸੀ ਪ੍ਰੰਤੂ ਰਾਵੀ ਦੇ ਇਲਾਕੇ ’ਚ ਅੱਜ ਸਿਰਫ਼ 10 ਮਿਲੀਮੀਟਰ ਮੀਂਹ ਪਿਆ ਹੈ। ਇਸੇ ਤਰ੍ਹਾਂ ਬਿਆਸ ਦੇ ਖੇਤਰ ਵਿੱਚ 51 ਮਿਲੀਮੀਟਰ ਮੀਂਹ ਦੀ ਭਵਿੱਖਬਾਣੀ ਕੀਤੀ ਸੀ ਪ੍ਰੰਤੂ ਅੱਜ ਮੀਂਹ ਸਿਰਫ਼ 10 ਮਿਲੀਮੀਟਰ ਪਿਆ ਹੈ। ਸਤਲੁਜ ਦੇ ਖੇਤਰ ਵਿੱਚ 9 ਮਿਲੀਮੀਟਰ ਦਾ ਅਨੁਮਾਨ ਸੀ ਪ੍ਰੰਤੂ ਅੱਜ ਇੱਥੇ ਬਾਰਿਸ਼ ਹੀ ਨਹੀਂ ਹੋਈ। ਜੰਮੂ ਕਸ਼ਮੀਰ ਵਿੱਚ ਵੀ 10 ਤੋਂ 15 ਮਿਲੀਮੀਟਰ ਹੀ ਬਾਰਿਸ਼ ਹੋਈ ਹੈ। ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਸਾਹ ਸੂਤ ਰੱਖੇ ਸਨ।
ਪੰਜਾਬ ਸਰਕਾਰ ਤੇ ਬੀਬੀਐੱਮਬੀ ਦੁਬਿਧਾ ’ਚ
ਮੌਸਮ ਵਿਭਾਗ ਦੀ ਭਵਿੱਖਬਾਣੀ ਗਲਤ ਸਾਬਿਤ ਹੋਣ ਮਗਰੋਂ ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਜਲ ਸਰੋਤ ਵਿਭਾਗ ਪੰਜਾਬ ਦੁਬਿਧਾ ਵਿੱਚ ਫਸ ਗਿਆ ਹੈ ਜਿਨ੍ਹਾਂ ਨੇ ਪਿਛਲੇ ਦਿਨਾਂ ਤੋਂ ਪੂਰਾ ਤਾਣ ਡੈਮ ਖਾਲੀ ਕਰਨ ’ਤੇ ਲਾਇਆ ਹੋਇਆ ਸੀ। ਭਾਖੜਾ ਡੈਮ ’ਚੋਂ ਅੱਜ 31 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ। ਪੰਜਾਬ ਸਰਕਾਰ ਪਹਿਲਾਂ ਵੀ ਭਾਰਤੀ ਮੌਸਮ ਵਿਭਾਗ ’ਤੇ ਉਂਗਲ ਉਠਾ ਚੁੱਕੀ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਵੀ ਤਿੰਨੋਂ ਡੈਮਾਂ ਦੇ ਖੇਤਰਾਂ ’ਚ 122 ਮਿਲੀਮੀਟਰ ਮੀਂਹ ਦਾ ਅਨੁਮਾਨ ਲਾਇਆ ਹੋਇਆ ਹੈ। ਬੀਬੀਐੱਮਬੀ ਦੀ ਇਹ ਦੁਬਿਧਾ ਹੈ ਕਿ ਜੇਕਰ ਡੈਮਾਂ ਤੋਂ ਪਾਣੀ ਛੱਡਣਾ ਜਾਰੀ ਰੱਖਿਆ ਅਤੇ ਉੱਧਰ ਮੌਸਮ ਵਿਭਾਗ ਦੀ ਭਵਿੱਖਬਾਣੀ ਆਉਂਦੇ ਦਿਨਾਂ ’ਚ ਫੇਲ੍ਹ ਹੋ ਗਈ ਤਾਂ ਪੂਰਾ ਸਾਲ ਪਾਣੀ ਦੀ ਪੂਰਤੀ ਕਿਵੇਂ ਕੀਤੀ ਜਾਵੇਗੀ। ਉਂਜ ਪੰਜਾਬ ’ਚ ਅੱਜ ਸਵੇਰ ਤੋਂ ਵੱਖ-ਵੱਖ ਥਾਵਾਂ ’ਤੇ ਮੀਂਹ ਪਿਆ ਹੈ ਜਿਸ ਨਾਲ ਫ਼ਸਲ ਦੀ ਵਾਢੀ ਹੋਰ ਪੱਛੜ ਗਈ ਹੈ ਅਤੇ ਫ਼ਸਲ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਬਣ ਗਿਆ ਹੈ।