ਵੀਡੀਓ ਕਾਨਫਰੰਸਿੰਗ ਰਾਹੀਂ ਹੋਣਗੀਆਂ ਸਹਿਕਾਰੀ ਸਭਾਵਾਂ ਦੀਆਂ ਮੀਟਿੰਗਾਂ
ਪੰਜਾਬ ਸਰਕਾਰ ਦੇ ਸਹਿਕਾਰੀ ਸਭਾਵਾਂ ਵਿਭਾਗ ਵੱਲੋਂ ਖਰਚੇ ਘਟਾਉਣ ਲਈ ਸਹਿਕਾਰੀ ਸੰਸਥਾਵਾਂ ਦੀਆਂ ਸਾਰੀਆਂ ਮੀਟਿੰਗਾਂ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਰਜਿਸਟਰਾਰ ਸਹਿਕਾਰੀ ਸਭਾਵਾਂ ਗਿਰੀਸ਼ ਦਿਆਲਨ ਨੇ ਸੂਬੇ ਭਰ ’ਚ ਸਹਿਕਾਰੀ ਸੰਸਥਾਵਾਂ ਨੂੰ ਸਾਰੀਆਂ ਮੀਟਿੰਗਾਂ ਅਤੇ ਕਾਰਵਾਈਆਂ ਵੀਡੀਓ ਕਾਨਫਰੰਸਿੰਗ ‘ਵੀਸੀ’ ਜ਼ਰੀਏ ਕਵਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬੋਰਡ, ਕਮੇਟੀਆਂ, ਆਮ ਸੰਸਥਾਵਾਂ, ਏਜੀਐੱਮ ਅਤੇ ਨਿੱਜੀ ਸੁਣਵਾਈਆਂ ਦੀਆਂ ਮੀਟਿੰਗਾਂ ਲਈ ਨੋਟਿਸ ਵਿੱਚ ਵੀਡੀਓ ਕਾਨਫਰੰਸਿੰਗ ਤੱਕ ਪਹੁੰਚਣ ਦੇ ਵੇਰਵੇ ਵੀ ਸ਼ਾਮਲ ਕੀਤੇ ਜਾਣਗੇ। ਸ੍ਰੀ ਦਿਆਲਨ ਨੇ ਕਿਹਾ ਕਿ ਵੀਡੀਓ ਕਾਨਫਰੰਸਿੰਗ ਦੀ ਸਹੂਲਤ ਇੱਕ ਵੱਖਰਾ ਬਦਲ ਹੈ। ਇਸ ਕਦਮ ਨਾਲ ਏਜੰਡੇ ਇਲੈਕਟ੍ਰਾਨਿਕ ਢੰਗ ਨਾਲ ਪ੍ਰਸਾਰਿਤ ਕੀਤੇ ਜਾ ਸਕਣਗੇ ਅਤੇ ਵੋਟਿੰਗ ਅਤੇ ਫ਼ੈਸਲੇ ‘ਵੀਸੀ’ ਰਾਹੀਂ ਰਿਕਾਰਡ ਕੀਤੇ ਜਾ ਸਕਣਗੇ। ਇਸ ਤੋਂ ਬਾਅਦ ਮਿੰਟਾਂ ਵਿੱਚ ਪੁਸ਼ਟੀ ਵੀ ਕੀਤੀ ਜਾ ਸਕੇਗੀ। ਰਜਿਸਟਰਾਰ ਨੇ ਸਾਰੀਆਂ ਸਹਿਕਾਰੀ ਸੰਸਥਾਵਾਂ, ਸਹਿਕਾਰੀ ਬੈਂਕਾਂ ਤੇ ਸੁਸਾਇਟੀਆਂ ਨੂੰ ਇਨ੍ਹਾਂ ਨਿਰਦੇਸ਼ਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।