ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖਾਦ ਨਾਲ ਵਾਧੂ ਸਮਾਨ ਦੀ ਜਬਰੀ ਵੰਡ ’ਤੇ ਸਹਿਕਾਰੀ ਵਿਭਾਗ ਸਖ਼ਤ

ਡੀਏਪੀ ਨਾਲ ਨੈਨੋ ਯੂਰੀਆ ਦੀ ਟੈਗਿੰਗ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਦਿੱਤੀਆਂ ਸਖ਼ਤ ਹਦਾਇਤਾਂ
Advertisement
ਸਹਿਕਾਰੀ ਵਿਭਾਗ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੀਆਂ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਵਿੱਚ ਧੱਕੇ ਨਾਲ ਟੈਗ ਕੀਤੀ ਜਾ ਰਹੀ ਨੈਨੋ ਯੂਰੀਆ ਅਤੇ ਡੀਏਪੀ ’ਤੇ ਰੋਕ ਲੱਗਾ ਦਿੱਤੀ ਹੈ। ਉਪ ਰਜਿਸਟਰਾਰ ਵਲੋਂ ਜਾਰੀ ਕੀਤੇ ਪੱਤਰ ਨੰਬਰ 4182 ਰਾਹੀਂ ਜ਼ਿਲ੍ਹੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਡੀਏਪੀ ਖਾਦ ਨਾਲ ਕੋਈ ਵੀ ਵਾਧੂ ਸਮੱਗਰੀ, ਜਿਵੇਂ ਨੈਨੋ ਯੂਰੀਆ ਆਦਿ, ਕਿਸਾਨਾਂ ਨੂੰ ਜ਼ਬਰਦਸਤੀ ਨਾ ਦਿੱਤੀ ਜਾਵੇ।
ਉਨ੍ਹਾਂ ਜ਼ਿਲ੍ਹੇ ਵਿੱਚ ਸਹਿਕਾਰੀ ਸਭਾਵਾਂ ਦੇ ਗੋਦਾਮਾਂ ਵਿੱਚ ਪਏ ਨੈਨੋ ਦੇ ਸਟਾਕ ਨੂੰ ਵਾਪਿਸ ਚੁੱਕਣ ਬਾਰੇ ਹਦਾਇਤ ਕੀਤੀ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਇਸ ਸਮੇਂ 200 ਦੇ ਕਰੀਬ ਸਹਿਕਾਰੀ ਬਹੁਮੰਤਵੀ ਸੁਸਾਇਟੀਆਂ ਹਨ। ਇੱਕ ਰਿਪੋਰਟ ਮੁਤਾਬਕ ਲਗਪਗ 100 ਸੁਸਾਇਟੀਆਂ ਵਿੱਚ 50 ਫੀਸਦੀ ਡੀਏਪੀ ਤੇ ਨੈਨੋ ਯੂਰੀਆ ਦਾ ਸਟਾਕ ਮੌਜੂਦ ਹੈ।
ਦੱਸਣਯੋਗ ਹੈ ਕਿ ਬਲਾਕ ਬਠਿੰਡਾ, ਤਲਵੰਡੀ ਤੇ ਰਾਮਪੁਰਾ ਦੀਆਂ ਕਾਫੀ ਸਹਿਕਾਰੀ ਸਭਾਵਾਂ ਦੇ ਕੁਝ ਖੇਤਰਾਂ ਵਿੱਚ ਡੀਏਪੀ ਖਾਦ ਨਾਲ ਨੈਨੋ ਯੂਰੀਆ ਦੇਣ ਦੀ ਕਾਣੀ ਵੰਡ ਚੱਲ ਰਹੀ ਸੀ, ਜਿਸ ’ਤੇ ਹੁਣ ਵਿਭਾਗ ਨੇ ਸਖ਼ਤ ਰੁੱਖ ਅਖ਼ਤਿਆਰ ਕੀਤਾ ਹੈ। ਹੁਕਮਾਂ ਅਨੁਸਾਰ ਜਿਨ੍ਹਾਂ ਸਹਿਕਾਰੀ ਸਭਾਵਾਂ ਅੰਦਰ ਵਾਧੂ ਮਾਲ ਭੇਜਿਆ ਗਿਆ ਹੈ, ਉਸ ਨੂੰ ਤੁਰੰਤ ਵਾਪਸ ਭੇਜਣ ਦੀ ਹਦਾਇਤ ਕੀਤੀ ਗਈ ਹੈ।
ਇਕ ਸਹਿਕਾਰੀ ਸਭਾ ਦੇ ਸਕੱਤਰ ਨੇ ਨਵੇਂ ਹੁਕਮਾਂ ਨੂੰ ਸ਼ੁੱਭ ਸ਼ਗਨ ਮੰਨਿਆ ਹੈ। ਉਨ੍ਹਾਂ ਕਿਹਾ ਭਾਵੇਂ ਉਨ੍ਹਾਂ ਵਲੋਂ ਨੈਨੋ ਪ੍ਰੋਡਕਟ ਲੈਣ ਤੋਂ ਪਹਿਲਾਂ ਇਨਕਾਰ ਕੀਤਾ ਜਾ ਚੁੱਕਿਆ ਹੈ।ਪਰ ਫੇਰ ਵੀ ਇਫਕੋ ਵਲੋਂ ਧੱਕੇ ਨਾਲ ਡੀਏਪੀ ਖਾਦ ਨਾਲ ਨੈਨੋ ਯੂਰੀਆ ਟੈਗ ਕਰਕੇ ਭੇਜਿਆ ਜਾ ਰਿਹਾ ਸੀ, ਪਰ ਕਿਸਾਨ ਇਸਨੂੰ ਲੈਣ ਲਈ ਤਿਆਰ ਨਹੀਂ ਹਨ।
ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵਲੋਂ ਹਾਲ ਹੀ ਵਿੱਚ ਬੁਲਾਈ ਮੀਟਿੰਗ ਦੌਰਾਨ ਖੇਤੀਬਾੜੀ ਅਫਸਰਾਂ ਅਤੇ ਸਹਿਕਾਰੀ ਵਿਭਾਗ ਦੇ ਖ਼ੇਤਰੀ ਅਫਸਰਾਂ ਨੂੰ ਖਾਦ ਦੀ ਸਹੀ, ਪਾਰਦਰਸ਼ੀ ਅਤੇ ਨਿਆਂਪੂਰਨ ਵੰਡ ਯਕੀਨੀ ਬਣਾਉਣ ਦੀ ਸਖ਼ਤ ਹਦਾਇਤ ਦਿੱਤੀ ਗਈ ਸੀ।
ਇਸ ਸਬੰਧੀ ਡਿਪਟੀ ਰਜਿਸਟਰਾਰ  ਤੇਜਸਵਰ ਸਿੰਘ ਨੇ ਕਿਹਾ ਕਿਸਾਨਾਂ ਨੂੰ ਕਣਕ ਬੀਜਣ ਲਈ ਲਈ ਡੀਏਪੀ ਖਾਦ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ 60 ਫੀਸਦੀ ਖਾਦ ਭੇਜ ਦਿੱਤੀ ਗਈ ਹੈ। ਉਨ੍ਹਾਂ ਜਾਰੀ ਕੀਤੇ ਪੱਤਰ ਦੀ ਪੁਸ਼ਟੀ ਕਰਦਿਆਂ ਕਿਹਾ ਪੰਜਾਬ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਫਕੋ ਸਮੇਤ ਸਹਿਕਾਰੀ ਸਭਾਵਾਂ ਨੂੰ ਲਿਖਤੀ ਹਦਾਇਤ ਕੀਤੀ ਗਈ ਹੈ। ਕਿਸਾਨਾਂ ਨੂੰ ਡੀਏਪੀ ਦੇ ਨਾਲ ਜਬਰੀ ਨੈਨੋ ਦੀ ਵਿਕਰੀ ਦੀ ਕੋਸ਼ਿਸ਼ ਕਰਨ ਤੋਂ ਗੁਰੇਜ ਕੀਤਾ ਜਾਵੇ।
Advertisement
Show comments