ਬਲਦਾਂ ਨਾਲ ਭਰਿਆ ਕੰਟੇਨਰ ਫੜਿਆ
ਗਊ ਸੁਰੱਖਿਆ ਸੇਵਾ ਦਲ ਦੇ ਕਾਰਕੁਨਾਂ ਨੇ ਅੱਜ ਸਵੱਖਤੇ ਹੀ ਸ਼ੇਰਪੁਰ ਨੇੜਲੇ ਪਿੰਡ ਕਾਲਾਬੂਲਾ ਨੇੜੇ ਬਲਦਾਂ ਨਾਲ ਲੱਦੇ ਕੰਟੇਨਰ ਨੂੰ ਕਾਬੂ ਕੀਤਾ। ਕਾਰਕੁਨਾਂ ਨੇ ਮਗਰੋਂ ਇਸ ਸਬੰਧੀ ਸ਼ੇਰਪੁਰ ਪੁਲੀਸ ਨੂੰ ਸੂਚਿਤ ਕੀਤਾ। ਗਊ ਸੇਵਾ ਸੁਰੱਖਿਆ ਦਲ ਦੇ ਪ੍ਰਧਾਨ ਸੰਦੀਪ ਵਰਮਾ ਵਾਸੀ ਰਾਮਪੁਰਾ ਫੂਲ ਨੇ ਪੁਲੀਸ ਕੋਲ ਲਿਖਵਾਏ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਦਾ ਸੰਗਠਨ ਹਾਦਸੇ ਵਿੱਚ ਜ਼ਖ਼ਮੀ ਗਊਆਂ ਦੀ ਸੇਵਾ ਸੰਭਾਲ ਕਰਦਾ ਹੈ ਜਦੋਂਕਿ ਗਊਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਪ੍ਰਸ਼ਾਸਨ ਦੇ ਸਹਿਯੋਗ ਨਾਲ ਫੜ ਕੇ ਪੁਲੀਸ ਹਵਾਲੇ ਕਰਦੇ ਹਨ। ਸ੍ਰੀ ਵਰਮਾ ਨੇ ਦੱਸਿਆ ਕਿ ਉਸ ਨੂੰ ਅੱਜ ਸਵੇਰੇ 4.30 ਵਜੇ ਫੋਨ ’ਤੇ ਸੰਦੇਸ਼ ਮਿਲਿਆ ਕਿ ਇੱਕ ਕੰਟੇਨਰ ਜੋ ਕਾਲਾਬੂਲਾ ਤੋਂ ਕਿਲੋਮੀਟਰ ਬਾਹਰ ਘਨੌਰੀ ਕਲਾਂ-ਕਾਲਾਬੂਲਾ ਸੜਕ ’ਤੇ ਖੜ੍ਹਾ ਹੈ, ਵਿੱਚ ਗਊਆਂ ਨੂੰ ਲੱਦਿਆ ਹੋਇਆ ਹੈ। ਉਨ੍ਹਾਂ ਦੱਸਿਆ ਉਹ ਆਪਣੇ ਸਾਥੀ ਪ੍ਰਦੀਪ ਕੁਮਾਰ, ਪ੍ਰੈੱਸ ਸਕੱਤਰ ਸੁਖਦੇਵ ਸਿੰਘ, ਵਿੰਦਰ ਸਿੰਘ ਅਤੇ ਪ੍ਰਵੀਨ ਸਿੰਘ ਬਾਰੂ ਨੂੰ ਨਾਲ ਲੈ ਕੇ ਮੌਕੇ ’ਤੇ ਪੁੱਜੇ ਅਤੇ 10 ਟਾਇਰਾਂ ਵਾਲੇ ਕੰਟੇਨਰ ਵਿੱਚ ਬੇਰਹਿਮੀ ਨਾਲ ਤੁੰਨ-ਤੁੰਨ ਕੇ ਭਰੇ 19 ਬਲਦਾਂ ਨੂੰ ਦੇਖਿਆ।
ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਬਲਦਾਂ ਨੂੰ ਮਨਾਲ ਗਊਸ਼ਾਲਾ ਭੇਜ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਇਸ ਦਾ ਸਰਗਨਾ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਹਾਲ ਆਬਾਦ ਲੁਧਿਆਣਾ ਹੈ। ਜਾਂਚ ਅਧਿਕਾਰੀ ਏਐੱਸਆਈ ਗੁਰਪਾਲ ਸਿੰਘ ਨੇ ਦੱਸਿਆ ਕਿ ਸੰਦੀਪ ਵਰਮਾ ਦੇ ਬਿਆਨ ’ਤੇ ਐੱਫ ਆਈ ਆਰ ਨੰਬਰ 105 ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।