ਹਸਪਤਾਲ ਨੂੰ 7.5 ਲੱਖ ਜੁਰਮਾਨਾ
ਜ਼ਿਲ੍ਹਾ ਖ਼ਪਤਕਾਰ ਫੋਰਮ ਨੇ ਇਲਾਜ ’ਚ ਲਾਪ੍ਰਵਾਹੀ ਦੇ ਮਾਮਲੇ ’ਚ ਪ੍ਰਾਈਵੇਟ ਹਸਪਤਾਲ ਖ਼ਿਲਾਫ਼ ਫ਼ੈਸਲਾ ਸੁਣਾਉਂਦੇ ਹੋਏ ਸ਼ਿਕਾਇਤਕਰਤਾ ਨੂੰ 7,50,000 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਇਹ ਫ਼ੈਸਲਾ ਜ਼ਿਲ੍ਹਾ ਖ਼ਪਤਕਾਰ ਫੋਰਮ ਦੇ ਪ੍ਰਧਾਨ ਹਿਮਾਂਸ਼ੂ ਮਿਸ਼ਰਾ ਤੇ ਮੈਂਬਰ ਆਰਤੀ ਸੂਦ ਦੀ ਡਿਵੀਜ਼ਨ ਬੈਂਚ ਨੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਨੇ ਇਲਾਜ ਵਿੱਚ ਲਾਪ੍ਰਵਾਹੀ ਦਾ ਦੋਸ਼ ਲਗਾਉਂਦੇ ਹੋਏ ਜ਼ਿਲ੍ਹਾ ਖ਼ਪਤਕਾਰ ਫੋਰਮ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਸ਼ਿਕਾਇਤਕਰਤਾ ਦੇ ਵਕੀਲ ਵਿਨੈ ਸੋਨੀ ਨੇ ਕਿਹਾ ਕਿ ਜੁਲਾਈ 2022 ਵਿੱਚ ਲਦਾਉਦੀ ਨੂਰਪੁਰ ਦੇ ਰਹਿਣ ਵਾਲੇ ਗੌਰਵ ਦੀ ਪਤਨੀ ਨੀਤਿਕਾ ਕੌਸ਼ਲ ਨੂੰ ਪੇਟ ਵਿੱਚ ਦਰਦ ਹੋਣ ਲੱਗਾ ਸੀ। ਉਸ ਨੇ ਨਿੱਜੀ ਹਸਪਤਾਲ ਤੋਂ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ। ਇਲਾਜ ਦੌਰਾਨ ਡਾਕਟਰਾਂ ਨੇ ਪੇਟ ’ਚ ਗੁਰਦੇ ਦੀ ਪੱਥਰੀ ਦਾ ਪਤਾ ਲਗਾਇਆ ਤੇ ਨਵੇਂ ਤਰੀਕੇ ਨਾਲ ਮਰੀਜ਼ ਦਾ ਅਪਰੇਸ਼ਨ ਕੀਤਾ। ਸ਼ਿਕਾਇਤਕਰਤਾ ਕਰੀਬ ਡੇਢ ਮਹੀਨੇ ਤੱਕ ਹਸਪਤਾਲ ਵਿੱਚ ਭਰਤੀ ਰਹੀ। ਇਸ ਦੌਰਾਨ ਉਸ ਦਾ ਕ੍ਰੀਏਟੀਨਾਈਨ ਪੱਧਰ ਵਧ ਗਿਆ, ਜਿਸ ਕਾਰਨ ਮਰੀਜ਼ ਦੀ ਹਾਲਤ ਵਿਗੜਦੀ ਗਈ। ਸ਼ਿਕਾਇਤਕਰਤਾ ਦੇ ਵਕੀਲ ਨੇ ਖ਼ਪਤਕਾਰ ਫੋਰਮ ’ਚ ਦਲੀਲ ਦਿੱਤੀ ਕਿ ਹਸਪਤਾਲ ਦੇ ਡਾਕਟਰ ਦਰਦ ਦੌਰਾਨ ਮਰੀਜ਼ ਨੂੰ ਪਾਬੰਦੀਸ਼ੁਦਾ ਦਵਾਈਆਂ ਦਿੰਦੇ ਰਹੇ। ਇਸ ਨਾਲ ਉਸ ਦਾ ਕ੍ਰੀਏਟੀਨਾਈਨ ਪੱਧਰ ਵਧ ਗਿਆ।
ਖ਼ਪਤਕਾਰ ਫੋਰਮ ਨੇ ਇਸ ਲਾਪ੍ਰਵਾਹੀ ਲਈ ਹਸਪਤਾਲ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। ਸੁਣਵਾਈ ਦੌਰਾਨ ਫੋਰਮ ਨੇ ਸ਼ਿਕਾਇਤ ਦੇ ਸਹੀ ਹੱਲ ਨੂੰ ਯਕੀਨੀ ਬਣਾਉਣ ਲਈ ਮਾਹਿਰ ਡਾਕਟਰ ਦੀ ਰਾਇ ਵੀ ਮੰਗੀ ਸੀ। ਮਾਹਿਰ ਨੇ ਕਿਹਾ ਸੀ ਕਿ ਪਾਬੰਦੀਸ਼ੁਦਾ ਦਵਾਈ ਦੀ ਵਰਤੋਂ ਨਾਲ ਮਰੀਜ਼ ਦੀ ਹਾਲਤ ਵਿਗੜ ਗਈ ਸੀ। ਹਸਪਤਾਲ ਨੂੰ ਸ਼ਿਕਾਇਤਕਰਤਾ ਨੀਤਿਕਾ ਕੌਸ਼ਲ ਨੂੰ 20 ਹਜ਼ਾਰ ਰੁਪਏ ਦੀ ਕੋਰਟ ਫੀਸ ਵੀ ਦੇਣੀ ਪਵੇਗੀ।
