ਖ਼ਪਤਕਾਰ ਕਮਿਸ਼ਨ ਨੇ ਰਿੰਲਾਇਸ ਸੁਪਰ ਸਟੋਰ ਨੂੰ ਲਾਇਆ 20 ਹਜ਼ਾਰ ਹਰਜਾਨਾ
ਸਥਾਨਕ ਖ਼ਪਤਕਾਰ ਕਮਿਸ਼ਨ (Consumer Commission) ਨੇ ਅੱਜ ਆਪਣੇ ਇੱਕ ਹੁਕਮ ਵਿੱਚ ਫਰੀਦਕੋਟ ਦੇ ਰਿਲਾਇੰਸ ਸੁਪਰ ਸਟੋਰ (Reliance Super Store) ਨੂੰ 20 ਹਜ਼ਾਰ ਰੁਪਏ ਹਰਜਾਨਾ ਭਰਨ ਦਾ ਹੁਕਮ ਦਿੱਤਾ ਹੈ। ਸੂਚਨਾ ਅਨੁਸਾਰ ਖ਼ਪਤਕਾਰ ਅਮਰਦੀਪ ਸਿੰਘ ਨੇ ਖ਼ਪਤਕਾਰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਰਿਲਾਇੰਸ ਸੁਪਰ ਸਟੋਰ ਤੋਂ ਇੱਕ ਕਿਲੋ ਵੇਸਨ ਖਰੀਦਿਆ ਸੀ, ਜਿਸ ਉੱਪਰ ਕੀਮਤ 165 ਲਿਖੀ ਸੀ ਪਰ ਸੁਪਰ ਸਟੋਰ ਨੇ ਖ਼ਪਤਕਾਰ ਤੋਂ 180 ਰੁਪਏ ਵਸੂਲੇ।
ਖ਼ਪਤਕਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਸੁਪਰ ਸਟੋਰ ਨੂੰ ਸਾਮਾਨ ਉੱਪਰ ਲਿਖੀ ਕੀਮਤ ਤੋਂ ਵੱਧ ਵਸੂਲਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਉਸ ਨੇ ਖ਼ਪਤਕਾਰ ਦੀ ਸ਼ਿਕਾਇਤ ਤੋਂ ਬਾਅਦ ਵੀ ਅਜਿਹਾ ਕੀਤਾ।
ਕਮਿਸ਼ਨਨੇ ਕਿਹਾ ਕਿ ਇਸ ਲਈ ਰਿਲਾਇੰਸ ਸੁਪਰ ਸਟੋਰ ਖ਼ਪਤਕਾਰ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਅਦਾਲਤਾਂ ਦੇ ਗੇੜੇ ਕੱਢਣ ਲਈ ਮਜਬੂਰ ਕਰਨ ਬਦਲੇ 20 ਹਜ਼ਾਰ ਰੁਪਏ ਮੁਆਵਜ਼ਾ 45 ਦਿਨਾਂ ਦੇ ਅੰਦਰ ਅੰਦਰ ਦੇਵੇ ਅਤੇ ਇਸ ਦੇ ਨਾਲ ਹੀ 15 ਰੁਪਏ ਵਾਧੂ ਪ੍ਰਾਪਤ ਕੀਤੇ ਹੋਏ ਵੀ ਵਾਪਸ ਕੀਤੇ ਜਾਣ।
ਰਿਲਾਇੰਸ ਸੁਪਰ ਸਟੋਰ ਨੇ ਅਦਾਲਤ ਨੂੰ ਦੱਸਿਆ ਕਿ ਉਸਨੇ ਲਿਖ ਕੇ ਲਾਇਆ ਹੋਇਆ ਹੈ ਕਿ ਜੇ ਉਨ੍ਹਾਂ ਦੇ ਬਿੱਲ ਵਿੱਚ ਕੋਈ ਨੁਕਸ ਕੱਢਦਾ ਹੈ ਤਾਂ ਉਸ ਨੂੰ ਇਨਾਮ ਵਜੋਂ 100 ਰੁਪਏ ਦੇਣਗੇ। ਪਰ ਖ਼ਪਤਕਾਰ ਕਮਿਸ਼ਨ ਨੇ ਕਿਹਾ ਕਿ ਸੁਪਰ ਸਟੋਰ ਵੱਲੋਂ ਜਾਰੀ ਕੀਤਾ ਗਿਆ ਬਿੱਲ ਬਿਨਾਂ ਸ਼ੱਕ ਵਾਧੂ ਪੈਸੇ ਲੈਣ ਦੀ ਪੁਸ਼ਟੀ ਕਰਦਾ ਹੈ ਅਤੇ ਇਹ ਪੈਸੇ ਲੈਣ ਦਾ ਉਹਨਾਂ ਨੂੰ ਕੋਈ ਕਾਨੂੰਨੀ ਅਧਿਕਾਰ ਨਹੀਂ ਸੀ। ਇਸ ਲਈ ਖ਼ਪਤਕਾਰ ਮੁਆਵਜ਼ੇ ਦਾ ਹੱਕਦਾਰ ਹੈ।