ਹਕੂਮਤ ਬਦਲਣ ਮਗਰੋਂ ਸਕਿੱਲ ਇੰਸਟੀਚਿਊਟ ਦੀ ਉਸਾਰੀ ਦਾ ਕੰਮ ਠੱਪ
ਸੰਜੀਵ ਬੱਬੀ
ਕਾਂਗਰਸ ਸਰਕਾਰ ਦੌਰਾਨ ਤਤਕਾਲੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਹਿਲਕਦਮੀ ’ਤੇ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਦਾ ਉਦਘਾਟਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ ਪਰ ਹੁਣ ਇਸ ਪ੍ਰਾਜੈਕਟ ’ਤੇ ਕਈ ਮਹੀਨਿਆਂ ਤੋਂ ਕੰਮ ਬੰਦ ਪਿਆ ਹੈ।
ਹਿਲਾਂ ਇਹ ਪ੍ਰਾਜੈਕਟ ਸਿਰਫ਼ ਸਕਿੱਲ ਇੰਸਟੀਚਿਊਟ ਵਜੋਂ ਸ਼ੁਰੂ ਹੋਇਆ ਸੀ ਜਿਸ ’ਤੇ 97 ਕਰੋੜ ਰੁਪਏ ਖਰਚਣ ਦੀ ਯੋਜਨਾ ਬਣਾਈ ਗਈ ਸੀ ਅਤੇ ਇਹ ਫੰਡ ਆਈਕੇ ਗੁਜਰਾਲ ਯੂਨੀਵਰਸਿਟੀ ਦੇ ਤਕਨੀਕੀ ਵਿਭਾਗ ਵੱਲੋਂ ਮੁਹੱਈਆ ਕਰਵਾਏ ਜਾਣੇ ਸਨ।
ਇਸ ਜ਼ਮੀਨ ਵਿੱਚ ਨਿਰਮਾਣ ਕਾਰਜ ਪੀਡਬਲਿਊਡੀ ਵਿਭਾਗ ਰਾਹੀਂ ਕਰਵਾਏ ਜਾਣੇ ਸਨ। ਦੱਸਣਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦਾ ਮੁੱਖ ਮੰਤਰੀ ਹੁੰਦਿਆਂ ਇਸ ਸੰਸਥਾ ਨੂੰ ਯੂਨੀਵਰਸਿਟੀ ਤੱਕ ਅੱਪਗ੍ਰੇਡ ਕਰਦਿਆਂ ਇਸ ਦੇ ਨਿਰਮਾਣ ਕਾਰਜਾਂ ’ਚ ਤੇਜ਼ੀ ਲਿਆਂਦੀ ਸੀ। ਇਸ ਸਬੰਧੀ ਸੈਸ਼ਨ 2020-21 ਲਈ ਪਲੇਠਾ ਬੈਚ ਆਈਆਈਟੀ ਰੂਪਨਗਰ ਦੇ ਅਸਥਾਈ ਕੈਂਪਸ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਜੂਨ 2022 ਵਿੱਚ ਜਦੋਂ ਸਰਕਾਰ ਤੇ ਆਈਕੇ ਗੁਜਰਾਲ ਯੂਨੀਵਰਸਿਟੀ ਵੱਲੋਂ ਠੇਕੇਦਾਰ ਨੂੰ ਮੁੱਢਲੇ ਢਾਂਚੇ ਦੇ ਨਿਰਮਾਣ ਕਾਰਜਾਂ ਦੇ ਅਗਲੇ ਹਿੱਸੇ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਕੰਮ ਵਿਚਾਲੇ ਰੁਕ ਗਿਆ। ਠੇਕੇਦਾਰ ਨੇ ਨਾਮ ਨਾ ਛਪਣ ਦੀ ਸ਼ਰਤ ’ਤੇ ਦੱਸਿਆ ਕਿ ਤਕਰੀਬਨ 40 ਕਰੋੜ ਰੁਪਏ ਦਾ ਕੰਮ ਹੋ ਚੁੱਕਿਆ ਹੈ, ਪ੍ਰੰਤੂ ਭਗਤਾਨ 25 ਕਰੋੜ ਦਾ ਹੀ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਇਹ ਕੰਮ ਰੋਕਣਾ ਪਿਆ। ਇਸ ਮੌਕੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਬੀਤੇ ਸਾਢੇ ਤਿੰਨ ਸਾਲਾਂ ਤੋਂ ਇਸ ਯੂਨੀਵਰਸਿਟੀ ਦਾ ਕੰਮ ਰੋਕਣ ਦੀ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਇਸ ਦੇ ਨਿਰਮਾਣ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਨ ਦੀ ਮੰਗ ਕੀਤੀ ਹੈ।
ਅੱਜ ਮੁੱਖ ਮੰਤਰੀ ਦੀ ਫੇਰੀ ਮੌਕੇ ਚੁੱਕਿਆ ਜਾਵੇਗਾ ਮਾਮਲਾ: ਐੱਸਡੀਓ
ਪੀਡਬਲਿਊ ਵਿਭਾਗ ਦੇ ਐੱਸਡੀਓ ਰਾਜੇਸ਼ ਕੁਮਾਰ ਨੇ ਕਿਹਾ ਕਿ ਸਿਰਫ਼ 35 ਤੋਂ 40 ਫ਼ੀਸਦੀ ਹੀ ਕੰਮ ਪੂਰਾ ਹੋਇਆ ਹੈ ਅਤੇ ਇਸ ਨੂੰ ਚਲਾਉਣ ਲਈ 18 ਤੋਂ 20 ਕਰੋੜ ਰੁਪਏ ਹੋਰ ਚਾਹੀਦੇ ਹਨ ਪਰ ਪੀਟੀਯੂ ਫੰਡ ਜਾਰੀ ਕਰਨ ਤੋਂ ਇਨਕਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਠੇਕੇਦਾਰ ਰਕਮ ਨਾ ਮਿਲਣ ਕਾਰਨ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਲੈ ਗਿਆ ਹੈ। ਉਨ੍ਹਾਂ ਦੱਸਿਆ ਕਿ ਭਲਕੇ 18 ਅਗਸਤ ਨੂੰ ਸ੍ਰੀ ਚਮਕੌਰ ਸਾਹਿਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਮੌਕੇ ਉਨ੍ਹਾਂ ਕੋਲ ਇਹ ਮਾਮਲਾ ਚੁੱਕਿਆ ਜਾਵੇਗਾ।