ਮਿੱਥ ਕੇ ਕੀਤੇ ਜਾ ਰਹੇ ਕਤਲਾਂ ਰਾਹੀਂ ਸਾਂਝ ਤੋੜਨ ਦੀ ਸਾਜ਼ਿਸ਼: ਜਾਖੜ
ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਫਿਰੋਜ਼ਪੁਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ‘ਆਪ’ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਭਾਈਚਾਰਕ ਸਾਂਝ ਤੋੜਨ ਦੇ ਮਕਸਦ ਨਾਲ ਮਿੱਥ ਕੇ ਕਤਲ ਕੀਤੇ ਜਾ ਰਹੇ ਹਨ, ਜਦਕਿ ‘ਆਪ’ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹੀ ਹੈ। ਸ੍ਰੀ ਜਾਖੜ ਨੇ ਅੱਜ ਆਰ ਐੱਸ ਐੱਸ ਦੇ ਸੀਨੀਅਰ ਆਗੂ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੇ ਕਤਲ ’ਤੇ ਪਰਿਵਾਰ ਨਾਲ ਦੁੱਖ ਵੰਡਾਇਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਗੈਂਗਸਟਰ ਲਗਾਤਾਰ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਤੇ ਦੂਜੇ ਪਾਸੇ ਪੰਜਾਬ ’ਚ ਭਾਈਚਾਰਕ ਸਾਂਝ ਤੋੜਨ ਦੀ ਨੀਅਤ ਨਾਲ ਦਿਨ-ਦਿਹਾੜੇ ਆਰ ਐੱਸ ਐੱਸ ਆਗੂ ਦੇ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਨ੍ਹਾਂ ਇਸ ਹੱਤਿਆ ਨੂੰ ਪੰਜਾਬੀਅਤ ’ਤੇ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਕੋਈ ਵੀ ਸੱਚਾ ਪੰਜਾਬੀ ਅਜਿਹੀ ਹਰਕਤ ਨੂੰ ਬਰਦਾਸ਼ਤ ਨਹੀਂ ਕਰੇਗਾ।
ਅਸ਼ਵਨੀ ਸ਼ਰਮਾ ਨੇ ਚਿੰਤਾ ਪ੍ਰਗਟਾਈ
ਚੰਡੀਗੜ੍ਹ: ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਅੱਜ ਰਾਜਪਾਲ ਤੇ ਕੇਂਦਰੀ ਮੰਤਰੀ ਦੀ ਮੌਜੂਦਗੀ ਕਾਰਨ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਇਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸ਼ਹਿਰ ਵਿੱਚ ਭਾਰੀ ਸੁਰੱਖਿਆ ਬੰਦੋਬਸਤ ਹੋਣ ਦੇ ਬਾਵਜੂਦ ਮੁਲਜ਼ਮ ਫਰਾਰ ਹੋ ਗਏ। ਇਸ ਤੋਂ ਪੰਜਾਬ ਵਿੱਚ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੁੰਦੇ ਹਨ।-ਟਨਸ
