ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਂਗਰਸ ਜ਼ਿਮਨੀ ਅਤੇ ਵਿਧਾਨ ਸਭਾ ਚੋਣਾਂ ਮਜ਼ਬੂਤੀ ਨਾਲ ਲੜੇਗੀ: ਰਾਜਾ ਵੜਿੰਗ

ਆਤਿਸ਼ ਗੁਪਤਾ ਚੰਡੀਗੜ੍ਹ, 19 ਜੂਨ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ 7 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ, ਪਰ 6 ਸੀਟਾਂ ’ਤੇ ਹਾਰ ਨੂੰ ਲੈ ਕੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ...
ਚੰਡੀਗੜ੍ਹ ਵਿੱਚ ਮੀਟਿੰਗ ਦੀ ਅਗਵਾਈ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ।
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 19 ਜੂਨ

Advertisement

ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ 7 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ, ਪਰ 6 ਸੀਟਾਂ ’ਤੇ ਹਾਰ ਨੂੰ ਲੈ ਕੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਰਾਜਾ ਵੜਿੰਗ ਨੇ 7 ਸੀਟਾਂ ’ਤੇ ਜਿੱਤ ’ਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਅਤੇ 6 ਸੀਟਾਂ ’ਤੇ ਹਾਰ ਨੂੰ ਲੈ ਕੇ ਪੜਚੋਲ ਕੀਤੀ। ਇਸ ਮੌਕੇ ਰਾਜਾ ਵੜਿੰਗ ਨੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਲੋਕ ਸਭਾ ਚੋਣਾਂ ਦੇ ਵੋਟ ਬੈਂਕ ਦੀ ਸੰਭਾਲ ਯਕੀਨੀ ਬਣਾਉਣ ਲਈ ਸਾਰਿਆਂ ਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਨ ਲਈ ਪ੍ਰੇਰਿਆ।

ਸ੍ਰੀ ਵੜਿੰਗ ਨੇ ਮੀਟਿੰਗ ਦੌਰਾਨ ਏਕਤਾ ਅਤੇ ਸਮੂਹਿਕ ਕਾਰਵਾਈ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਸਮੂਹਿਕ ਕੋਸ਼ਿਸ਼ਾਂ ਤੇ ਏਕਤਾ ਦਾ ਨਤੀਜਾ ਹੈ। ਪੰਜਾਬ ਕਾਂਗਰਸ ਵੱਲੋਂ ਵਿਅਕਤੀਗਤ ਹਿੱਤਾਂ ਦੀ ਬਜਾਏ ਪਾਰਟੀ ਦੇ ਟੀਚਿਆਂ ਲਈ ਮਿਲ ਕੇ ਕੰਮ ਕਰਨ ਕਾਰਨ ਹੀ ਚੋਣਾਂ ਵਿੱਚ ਸਫਲਤਾ ਮਿਲੀ ਹੈ। ਉਨ੍ਹਾਂ ਸਾਰਿਆਂ ਨੂੰ ਪਾਰਟੀ ਨੂੰ ਹੋਰ ਮਜ਼ਬੂਤ ​​ਕਰਨ ਲਈ ਸਹਿਯੋਗ ਦੀ ਇਸ ਭਾਵਨਾ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਅਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਮਜ਼ਬੂਤੀ ਨਾਲ ਲੜੇਗੀ ਅਤੇ ਜਿੱਤ ਹਾਸਲ ਕਰਕੇ ਰਹੇਗੀ।

ਕੁਝ ਜ਼ਿਲ੍ਹਾ ਪ੍ਰਧਾਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਹਾਰ ਦਾ ਕਾਰਨ ਉਮੀਦਵਾਰ ਦਾ ਦੇਰੀ ਨਾਲ ਐਲਾਨ ਕਰਨਾ ਦੱਸਿਆ। ਇਸ ਤੋਂ ਇਲਾਵਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੇ ਫਰੀਦਕੋਟ ਵਿੱਚ ਇਕਪਾਸੜ ਲਹਿਰ ਚੱਲਣ ਕਰਕੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਅਕਾਲੀ ਦਲ ਦੀ ਟਿਕਟ ਮੰਗਦੇ ਦੋ ਕਾਂਗਰਸੀ ਆਗੂ ਪਾਰਟੀ ਵਿੱਚੋਂ ਕੱਢੇ

ਜਲੰਧਰ (ਪਾਲ ਸਿੰਘ ਨੌਲੀ): ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਦੋ ਕਾਂਗਰਸੀ ਆਗੂਆਂ ਨੂੰ ਪਾਰਟੀ ਵਿੱਚੋਂ 6 ਸਾਲਾਂ ਲਈ ਬਾਹਰ ਕੱਢ ਦਿੱਤਾ ਹੈ। ਕਾਂਗਰਸ ਵਿੱਚ ਕੱਢੇ ਗਏ ਆਗੂਆਂ ਵਿੱਚ ਅਮਰੀਕ ਸਿੰਘ ਕੇਪੀ ਅਤੇ ਗੁਰਕ੍ਰਿਪਾਲ ਸਿੰਘ ਭੱਟੀ ਸ਼ਾਮਲ ਹਨ। ਸ੍ਰੀ ਬੇਰੀ ਨੇ ਦੱਸਿਆ ਕਿ ਦੋਵੇਂ ਆਗੂ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਲੱਗੇ ਹੋਏ ਸਨ। ਸ੍ਰੀ ਬੇਰੀ ਨੇ ਦੱਸਿਆ ਕਿ ਦੋਵੇਂ ਕਾਂਗਰਸੀ ਆਗੂ ਅਕਾਲੀ ਦਲ ਦੇ ਆਗੂ ਮਹਿੰਦਰ ਸਿੰਘ ਕੇਪੀ ਦੇ ਸੰਪਰਕ ਵਿੱਚ ਸਨ ਤੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਮੰਗ ਰਹੇ ਸਨ।

ਕਾਂਗਰਸ ਜ਼ਿਮਨੀ ਚੋਣਾਂ ਜਿੱਤਣ ਦੇ ਸਮਰੱਥ: ਰੰਧਾਵਾ

ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ ): ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਤੋਂ ਜਿੱਤੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਇੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਤੋਂ ਬਾਅਦ ਉਹ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਮਿਲੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਫ਼ਤਵਾ ਦੇ ਕੇ ਸੱਤ ਸੀਟਾਂ ਕਾਂਗਰਸ ਪਾਰਟੀ ਨੂੰ ਜਿਤਾਈਆਂ ਤੇ 13-0 ਕਹਿਣ ਵਾਲਿਆਂ ਦੇ ਮੂੰਹ ਬੰਦ ਕਰਵਾ ਦਿੱਤੇ। ਜ਼ਿਮਨੀ ਚੋਣਾਂ ਦੀ ਤਿਆਰੀ ’ਤੇ ਪੁੱਛੇ ਜਾਣ ਉੱਤੇ ਰੰਧਾਵਾ ਨੇ ਕਿਹਾ ਕਿ ਸਾਡੀ ਪਾਰਟੀ ਤੇ ਵਰਕਰ ਤਿਆਰ ਬਰ ਤਿਆਰ ਹਨ ਤੇ ਅਸੀਂ ਸਾਰੀਆਂ ਸੀਟਾਂ ਜਿੱਤਣ ਦੇ ਸਮਰੱਥ ਹਾਂ। ਸ੍ਰੀ ਰੰਧਾਵਾ ਨੇ ਕਿਹਾ ਕਿ ਭਗਵੰਤ ਮਾਨ ਦੀ ‘ਆਪ’ ਸਰਕਾਰ 27 ਮਹੀਨਿਆਂ ਵਿੱਚ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਪੱਚੀ ਸਾਲ ਰਾਜ ਕਰਨ ਦੀ ਗੱਲ ਕਰਦੀ ਸੀ ਉਸ ਨੂੰ ਇੱਕ ਸੀਟ ਨਾਲ ਹੀ ਗੁਜ਼ਾਰਾ ਕਰਨਾ ਪਿਆ ਤੇ 10 ਸੀਟਾਂ ’ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਭਾਜਪਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਮਨੀ, ਮਸਲ, ਮੀਡੀਆ ਤੇ ਈਡੀ ਦੇ ਬਲਬੂਤੇ ਆਸ ਲਾਈ ਬੈਠੀ ਸੀ ਪਰ ਆਪਣਾ ਖਾਤਾ ਵੀ ਪੰਜਾਬ ਵਿੱਚ ਨਹੀਂ ਖੋਲ੍ਹ ਸਕੀ।

Advertisement
Tags :
Congresspunjabpunjab newsPunjabi NewsRaja warring