ਨਾਮਜ਼ਦਗੀਆਂ ਲਈ ਟੋਕਨ ਨਾ ਮਿਲਣ ਕਾਰਨ ਖ਼ਫ਼ਾ ਕਾਂਗਰਸ ਵੱਲੋਂ ਧਰਨਾ
ਹਰਮੇਸ਼ ਨੀਲੇਵਾਲਾ
ਜ਼ੀਰਾ ਬਲਾਕ ਸਮਿਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਮੌਕੇ ਕਾਂਗਰਸ ਉਮੀਦਵਾਰ ਨੂੰ ਕਥਿਤ ਟੋਕਨ ਨਾ ਮਿਲਣ ਤੋਂ ਖਫ਼ਾ ਕਾਂਗਰਸੀ ਕਾਰਕੁਨਾਂ ਨੇ ਤਹਿਸੀਲ ਦਫ਼ਤਰ ਅੱਗੇ ਧਰਨਾ ਲਾ ਦਿੱਤਾ ਅਤੇ ਪੁਲੀਸ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਮੌਜੂਦ ਸਨ।
ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਇਸ ਹਲਕੇ ਵਿੱਚ ਚਾਰ ਜ਼ਿਲ੍ਹਾ ਪਰਿਸ਼ਦ ਦੇ ਜ਼ੋਨਾਂ ਫਤਹਿਗੜ੍ਹ ਸਭਰਾ, ਵਕੀਲਾਂ ਵਾਲਾ, ਸ਼ਾਹਵਾਲਾ ਅਤੇ ਅਕਬਰ ਵਾਲਾ ਵਿੱਚ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਦਿੱਤੇ ਗਏ ਹਨ। ਅੱਜ ਜ਼ੀਰਾ ਦੇ ਮਖੂ ਰੋਡ ’ਤੇ ਸਥਿਤ ਪੈਲੇਸ ਵਿੱਚ ਕਾਂਗਰਸੀ ਉਮੀਦਵਾਰਾਂ ਵੱਲੋਂ ਇਕੱਠ ਕੀਤਾ ਗਿਆ, ਜਿੱਥੋਂ ਪੁਲੀਸ ਉਨ੍ਹਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਲਈ ਤਹਿਸੀਲਦਾਰ ਦਫ਼ਤਰ ਲੈ ਗਈ। ਉਨ੍ਹਾਂ ਪੁਲੀਸ ਅਤੇ ਪ੍ਰਸ਼ਾਸਨ ’ਤੇ ਧੋਖਾ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਦੇ ਕਿਸੇ ਵੀ ਉਮੀਦਵਾਰ ਨੂੰ ਟੋਕਨ ਨਹੀਂ ਦਿੱਤਾ ਗਿਆ, ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ 80 ਟੋਕਨ ਵੰਡੇ ਗਏ ਅਤੇ ਤਿੰਨ ਸੌ ਦੇ ਕਰੀਬ ਵਿਅਕਤੀਆਂ ਨੂੰ ਲਾਈਨਾਂ ਵਿੱਚ ਲਗਾਇਆ ਗਿਆ, ਜਿਸ ਵਿੱਚ ਕਾਂਗਰਸ ਦੇ ਸਿਰਫ਼ 50 ਉਮੀਦਵਾਰ ਸਨ। ਸਾਬਕਾ ਵਿਧਾਇਕ ਨੇ ਲਾਈਨਾਂ ਵਿੱਚ ਖੜ੍ਹੇ ਵਿਅਕਤੀ ਬਾਹਰੋਂ ਬੁਲਾਉਣ ਦਾ ਵੀ ਦੋਸ਼ ਲਾਇਆ।
ਰਿਟਰਨਿੰਗ ਅਫਸਰ ਨੇ ਕਾਂਗਰਸੀ ਉਮੀਦਵਾਰਾਂ ਨੂੰ ਟੋਕਨ ਨਾ ਦੇ ਕੇ ਪੱਖਪਾਤ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਤੇ ਪ੍ਰਸ਼ਾਸਨ ਦੇ ਅਧਿਕਾਰੀ ‘ਆਪ’ ਵਰਕਰ ਬਣ ਕੇ ਕੰਮ ਕਰ ਰਹੇ ਹਨ। ਇਸ ਧੱਕੇਸ਼ਾਹੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾਖ਼ਲ ਹੋਣ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਮਹਿੰਦਰਜੀਤ ਸਿੰਘ ਜ਼ੀਰਾ, ਹਰੀਸ਼ ਜੈਨ, ਡਾ. ਰਛਪਾਲ ਸਿੰਘ ਗਿੱਲ, ਕੁਲਬੀਰ ਸਿੰਘ ਟਿੰਮੀ, ਲਖਵਿੰਦਰ ਸਿੰਘ ਜੌੜਾ, ਬਲਵਿੰਦਰ ਸਿੰਘ ਬੁੱਟਰ, ਮਹਿਕਦੀਪ ਸਿੰਘ ਸਿੱਧੂ, ਸਰਪੰਚ ਗੁਰਮੇਲ ਸਿੰਘ ਮਨਸੂਰਵਾਲ, ਸੁਮਿਤ ਨਰੂਲਾ, ਜਨਕ ਰਾਜ ਸ਼ਰਮਾ, ਗੁਰਮੇਲ ਸਿੰਘ ਗਿੱਲ, ਜਗਤਾਰ ਸਿੰਘ ਲੌਂਗੋਦੇਵਾ ਤੇ ਕੌਂਸਲਰ ਅਸ਼ੋਕ ਮਨਚੰਦਾ ਹਾਜ਼ਰ ਸਨ।
ਪੱਖਪਾਤ ਦੇ ਦੋਸ਼ ਬੇਬੁਨਿਆਦ: ਰਿਟਰਨਿੰਗ ਅਫਸਰ
ਰਿਟਰਨਿੰਗ ਅਫਸਰ ਸੰਤੋਖ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬਿਨਾਂ ਪੱਖਪਾਤ ਤੋਂ ਸਾਰੇ ਉਮੀਦਵਾਰਾਂ ਨੂੰ ਟੋਕਨ ਵੰਡੇ ਹਨ ਅਤੇ ਵਿਤਕਰੇਬਾਜ਼ੀ ਦੇ ਦੋਸ਼ ਬੇਬੁਨਿਆਦ ਹਨ।
ਜ਼ੀਰਾ ਵਿੱਚ 31 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ
ਤਹਿਸੀਲਦਾਰ ਦਫ਼ਤਰ ਜ਼ੀਰਾ ਵਿੱਚ ਐੱਸ ਡੀ ਐੱਮ ਅਰਵਿੰਦਰਪਾਲ ਸਿੰਘ, ਰਿਟਰਨਿੰਗ ਅਫਸਰ ਸੰਤੋਖ ਸਿੰਘ, ਡਿਊਟੀ ਮੈਜਿਸਟਰੇਟ ਸਤਵਿੰਦਰ ਸਿੰਘ ਤਹਿਸੀਲਦਾਰ, ਨਾਇਬ ਤਹਿਲਦਾਰ ਰਾਜ ਕੁਮਾਰ ਚੱਢਾ ਦੀ ਦੇਖ-ਰੇਖ ਹੇਠ ਬਲਾਕ ਦੇ ਵੱਖ-ਵੱਖ ਜ਼ੋਨਾਂ ਤੋਂ 31 ਉਮੀਦਵਾਰਾਂ ਵੱਲੋਂ ਬਲਾਕ ਸਮਿਤੀ ਚੋਣਾਂ ਲਈ ਨਾਮਜ਼ਦਗੀਆਂ ਭਰੀਆਂ ਗਈਆਂ। ਰਿਟਰਨਿੰਗ ਅਫਸਰ ਨੇ ਦੱਸਿਆ ਕਿ ਅੱਜ ਦੂਜੇ ਦਿਨ ਬਲਾਕ ਸਮਿਤੀ ਚੋਣਾਂ ਵਿੱਚ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹਲਕੇ ਦੇ ਕੁੱਲ 31 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਐੱਸ ਪੀ (ਡੀ) ਮਨਜੀਤ ਸਿੰਘ, ਡੀ ਐੱਸ ਪੀ (ਡੀ) ਬਲਜਿੰਦਰ ਸਿੰਘ ਸਰਾ, ਡੀ ਐੱਸ ਪੀ ਜਸਪਾਲ ਸਿੰਘ ਢਿੱਲੋਂ ਦੀ ਦੇਖ-ਰੇਖ ਹੇਠ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ।
