ਕਾਂਗਰਸ ਨੇ ਸਿਰਫ਼ ਇੱਕ ਔਰਤ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ
ਪੰਜਾਬ ਕਾਂਗਰਸ ਨੇ ਐਲਾਨੇ 27 ਜ਼ਿਲ੍ਹਾ ਪ੍ਰਧਾਨਾਂ ਵਿੱਚੋਂ ਪੰਜਾਬ ’ਚ ਸਿਰਫ਼ ਇੱਕ ਔਰਤ ਗੁਰਸ਼ਰਨ ਕੌਰ ਰੰਧਾਵਾ ਪਟਿਆਲਾ ਦਿਹਾਤੀ ਦੀ ਪ੍ਰਧਾਨ ਬਣਾਇਆ ਹੈ। ਰੰਧਾਵਾ ਪਹਿਲਾਂ ਹੀ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਹਨ, ਇਸ ਅਹੁਦੇ ਦੀ ਸਮਾਂ ਸੀਮਾ ਅਗਲੇ ਮਹੀਨੇ ਸਮਾਪਤ ਹੋ ਜਾਵੇਗੀ। ਗੁਰਸ਼ਰਨ ਕੌਰ ਰੰਧਾਵਾ ਸੁਤੰਤਰਤਾ ਸੰਗਰਾਮੀ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਦੇ ਦਾਦਾ ਅਜੀਤ ਸਿੰਘ ਨੇ ਆਜ਼ਾਦੀ ਸੰਘਰਸ਼ ’ਚ ਹਿੱਸਾ ਲਿਆ ਸੀ। ਉਨ੍ਹਾਂ ਦੇ ਪਿਤਾ ਭਗਵੰਤ ਸਿੰਘ ਲਖਮੀਰ ਵਾਲਾ ਬਲਾਕ ਸਮਿਤੀ ਦੇ ਚੇਅਰਮੈਨ ਤੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਵੀ ਰਹੇ ਹਨ। ਗੁਰਸ਼ਰਨ ਕੌਰ ਦੇ ਸਹੁਰਾ ਦਲਬੀਰ ਰੰਧਾਵਾ 1997 ’ਚ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਚੁਣੇ ਗਏ ਸਨ। ਗੁਰਸ਼ਰਨ ਕੌਰ ਰੰਧਾਵਾ ਕਰੀਬ 12 ਸਾਲ ਮਹਿਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਅਤੇ ਯੂਥ ਕਾਂਗਰਸ ਦੇ ਸੀਨੀਅਰ ਵਾਈਸ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾਈ। ਉਹ ਮਹਿਲਾ ਕਾਂਗਰਸ ਪੰਜਾਬ ਦੇ ਪ੍ਰਧਾਨ ਵੀ ਹਨ। ਇਸ ਤੋਂ ਪਹਿਲਾਂ ਉਹ 2003 ਵਿੱਚ ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਚੇਅਰਪਰਸਨ ਰਹੇ ਅਤੇ 2018 ਵਿੱਚ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਬਣਾਏ ਗਏ ਸਨ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਤੋਂ ਜ਼ਿਲ੍ਹੇ ਦੇ ਨਾਲ-ਨਾਲ ਮਹਿਲਾ ਕਾਂਗਰਸ ਦੀ ਸੂਬਾ ਪੱਧਰੀ ਸੇਵਾ ਦਾ ਫ਼ੈਸਲਾ ਕਾਂਗਰਸ ਹਾਈਕਮਾਂਡ ਨੇ ਲੈਣਾ ਹੈ।
