ਆਸ਼ੂ ਨੂੰ ਜਿਤਾਉਣ ਲਈ ਇਕਜੁੱਟ ਹੋਈ ਕਾਂਗਰਸ ਲੀਡਰਸ਼ਿਪ
ਗਗਨਦੀਪ ਅਰੋੜਾ
ਲੁਧਿਆਣਾ, 16 ਜੂਨ
ਲੁਧਿਆਣਾ ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੇ ਆਖਰੀ ਪੜਾਅ ਵਿੱਚ ਕਾਂਗਰਸ ਲੀਡਰਸ਼ਿਪ ਨੇ ਇਕਜੁੱਟ ਹੋ ਕੇ ਪਾਰਟੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਸਮਰਥਨ ਵਿੱਚ ਇੱਕਜੁਟਤਾ ਦਿਖਾਈ। ਅੱਜ ਸਥਾਨਕ ਫਿਰੋਜ਼ਪੁਰ ਰੋਡ ਸਥਿਤ ਕਾਂਗਰਸ ਦੇ ਮੁੱਖ ਚੋਣ ਦਫਚਰ ਵਿੱਚ ਪੰਹੁਚੇ ਪੰਜਾਬ ਕਾਂਗਰਸ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਸਹਿ-ਇੰਚਾਰਜ ਰਵਿੰਦਰ ਡਾਲਵੀ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਮੈਂਬਰ ਪਾਰਲੀਮੈਂਟ ਕਿਸ਼ੋਰੀ ਲਾਲ, ਮੈਂਬਰ ਪਾਰਲੀਮੈਂਟ ਅਮਰ ਸਿੰਘ, ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਸਾਬਕਾ ਵਿਧਾਇਕ ਰਾਕੇਸ਼ ਪਾਂਡੇ, ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ, ਸਾਬਕਾ ਵਿਧਾਇਕ ਬਲਵਿੰਦਰ ਬੈਂਸ, ਸੂਬਾ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਦਲਵਿੰਦਰ ਗੋਲਡੀ, ਵਿਧਾਨ ਸਭਾ ਪੱਛਮੀ ਦੇ ਕੋਆਰਡੀਨੇਟਰ ਰਮੇਸ਼ ਜੋਸ਼ੀ ਅਤੇ ਕਾਂਗਰਸੀ ਆਗੂ ਕੇਕੇ ਬਾਵਾ ਨੇ ਇਕਜੁੱਟ ਹੋ ਕੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਦਾ ਸਮਰਥਨ ਕੀਤਾ।
ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ਪੱਛਮੀ ਦੀ ਚੋਣ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਰਾਹ ਤੈਅ ਕਰੇਗੀ। ਹਰ ਪੰਜਾਬੀ ਉਨ੍ਹਾਂ ਬਾਹਰੀ ਲੋਕਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਜਿਨ੍ਹਾਂ ਨੇ ਬਦਲਾਅ ਦੇ ਨਾਮ ’ਤੇ ਨਵੇਂ ਪੰਜਾਬ ਦੇ ਸੁਪਨੇ ਦਿਖਾ ਕੇ ਪੰਜਾਬ ਨੂੰ ਗੁਲਾਮ ਬਣਾ ਲਿਆ ਹੈ। ਬਦਲਾਅ ਦੇ ਨਾਮ ’ਤੇ ਪੰਜਾਬ ਆਰਥਿਕ ਤੌਰ ’ਤੇ 25 ਸਾਲ ਪਿੱਛੇ ਚਲਾ ਗਿਆ ਹੈ। ਸਾਢੇ ਤਿੰਨ ਸਾਲਾਂ ਵਿੱਚ ਬਾਹਰਲੇ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਹੈ। ਸ਼ਹਿਰੀ ਵਿਕਾਸ ਦੇ ਨਾਮ ’ਤੇ ਖੇਤੀ ਅਧਾਰਤ ਸੂਬੇ ਦੀ 24 ਹਜ਼ਾਰ ਏਕੜ ਜ਼ਮੀਨ ਲੁੱਟ ਕੇ ਖੇਤੀ ਨੂੰ ਤਬਾਹ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਆਰਐੱਸਐੱਸ ਅਤੇ ਭਾਜਪਾ ਨਾਲ ਮਿਲੀਭੁਗਤ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਦਬਾ ਰਹੇ ਹਨ। ਭਗਵੰਤ ਮਾਨ ਨੇ ਪੰਜਾਬ ਦੇ ਹਿੱਤਾਂ ਨੂੰ ਦਿੱਲੀ ਵਾਲਿਆਂ ਕੋਲ ਗਹਿਣੇ ਰੱਖ ਦਿੱਤਾ ਹੈ। ਪੰਜਾਬ ਸਰਕਾਰ ਦੇ ਮੰਤਰੀ ਮੰਡਲ ਨੂੰ ਵਿਭਵ ਕੁਮਾਰ, ਸਿਸੋਦੀਆ ਅਤੇ ਸਤਿੰਦਰ ਜੈਨ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਈਨਿੰਗ ’ਤੇ ਦਿੱਲੀ ਵਾਲਿਆਂ ਦਾ ਕਬਜ਼ਾ ਹੈ। ਜੇ ਦਿੱਲੀ ਦੀ ਸ਼ਰਾਬ ਨੀਤੀ ਵਿੱਚ ਲੁੱਟ ਹੋਈ ਹੈ, ਤਾਂ ਇਹੀ ਸ਼ਰਾਬ ਨੀਤੀ ਪੰਜਾਬ ਵਿੱਚ ਲਾਗੂ ਹੋਣ ’ਤੇ ਸੀਬੀਆਈ ਚੁੱਪ ਕਿਉਂ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ਦੌਰਾਨ ਕਰਜ਼ਾ 4.25 ਲੱਖ ਕਰੋੜ ਤੱਕ ਵੱਧ ਗਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਤਾਂ ਪੰਜਾਬ ਛੱਡ ਕਿਸੇ ਹੋਰ ਦੇਸ਼ ਤੁਰ ਜਾਣਾ ਹੈ। ਬਾਹਰੋਂ ਆਏ ਧਾੜਵੀਆਂ ਵਿੱਚੋਂ ਕਿਸੇ ਨੇ ਕੈਨੇਡਾ, ਕਿਸੇ ਨੇ ਅਮਰੀਕਾ ਤੇ ਕਿਸੇ ਨੇ ਆਸਟਰੇਲੀਆ ਦੀ ਪੀਆਰ ਲੈ ਕੇ ਭੱਜ ਜਾਣਾ ਹੈ। ਭੁਗਤਣਾ ਤਾਂ ਪੰਜਾਬੀਆਂ ਨੂੰ ਹੀ ਪਵੇਗਾ। ਇਸ ਦੌਰਾਨ ਕਾਂਗਰਸ ਪਾਰਟੀ ਦੇ ਹੱਕ ਵਿੱਚ ਨਾਅਰੇ ਲਗਾਏ ਗਏ।
