ਪੰਜਾਬ ’ਚ ਕਾਂਗਰਸੀ ਲੀਡਰਾਂ ਨੇ ਵਧਾਈ ਸਰਗਰਮੀ
ਮੋਹਿਤ ਸਿੰਗਲਾ
ਕਾਂਗਰਸ ਦੇ ਕੌਮੀ ਸਕੱਤਰ ਸੰਜੈ ਦੱਤ ਪਟਿਆਲਾ ਜ਼ਿਲ੍ਹੇ ਵਿੱਚ ਲੋਕਾਂ ਨੂੰ ਮਿਲਣ ਲਈ ਪਹੁੰਚੇ ਹੋਏ ਹਨ। ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਉਹ ਵੱਖ-ਵੱਖ ਗ਼ੈਰ-ਕਾਂਗਰਸੀ ਜਥੇਬੰਦੀਆਂ, ਸਮਾਜਿਕ ਕਾਰਕੁਨਾਂ, ਡਾਕਟਰਾਂ ਅਤੇ ਹੋਰ ਕਾਰੋਬਾਰੀਆਂ ਨੂੰ ਮਿਲ ਰਹੇ ਹਨ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਕਾਂਗਰਸ ਦੇ ਵੱਖ-ਵੱਖ ਧੜਿਆਂ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ।
ਡਾ. ਗਾਂਧੀ ਦੇ ਇਕ ਕਰੀਬੀ ਨੇ ਦੱਸਿਆ ਕਿ ਸੰਜੈ ਦੱਤ ਦੀ ਪਟਿਆਲਾ ਫੇਰੀ ਦੇ ਦੋ ਮਕਸਦ ਹਨ। ਇਕ ਤਾਂ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨਾ, ਦੂਜਾ ਪਾਰਟੀ ਦੀ ਲੋਕਾਂ ਤਕ ਪਹੁੰਚ ਨੂੰ ਵਧਾਉਣਾ। ਜਾਣਕਾਰੀ ਅਨੁਸਾਰ ਕਿਰਤੀ ਕਿਸਾਨ ਯੂਨੀਅਨ, ਕਿਸਾਨ ਯੂਨੀਅਨ ਸ਼ਾਦੀਪੁਰ ਸਣੇ ਕਈ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਨੂੰ ਕਿਸਾਨੀ ਮੁੱਦਿਆਂ ’ਤੇ ਪਾਰਟੀ ਵੱਲੋਂ ਪੱਖ ਸਾਫ਼ ਕਰਨ ਲਈ ਕਿਹਾ। ਇਸੇ ਤਰ੍ਹਾਂ ਮਜ਼ਦੂਰ ਜਥੇਬੰਦੀਆਂ ਨੇ ਸੰਜੈ ਦੱਤ ਨੂੰ ਪਾਰਟੀ ਦੇ ਵਿਰੋਧੀ ਧਿਰ ਵਜੋਂ ਸਵਾਲ-ਜਵਾਬ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਨਵੀਂ ਅਤੇ ਸੂਝਵਾਨ ਲੀਡਰਸ਼ਿਪ ਖੜ੍ਹੀ ਕਰਨੀ ਚਾਹੀਦੀ ਹੈ। ਸੂਤਰਾਂ ਅਨੁਸਾਰ ਕਾਂਗਰਸ ਦੇ ਵੱਖ-ਵੱਖ ਧੜਿਆਂ ਨੇ ਇੱਕ ਦੂਜੇ ’ਤੇ ਭਾਜਪਾ, ‘ਆਪ’ ਜਾਂ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ ਹੋਣ ਦੇ ਦੋਸ਼ ਲਗਾਏ ਅਤੇ ਆਪਣੀ ਪਾਰਟੀ ਵਿੱਚ ਪ੍ਰਧਾਨਗੀ ਦੀ ਦਾਅਵੇਦਾਰੀ ਪੇਸ਼ ਕੀਤੀ। ਜਾਣਕਾਰੀ ਅਨੁਸਾਰ 16 ਸਤੰਬਰ ਤੋਂ ਬਾਅਦ ਇਕ ਹੋਰ ਸੀਨੀਅਰ ਕਾਂਗਰਸ ਆਗੂ ਵੀ ਪਟਿਆਲਾ ਦੇ ਇਲਾਕਿਆਂ ਤੋਂ ਰਿਪੋਰਟ ਇਕੱਠੀ ਕਰਨਗੇ। ਕਾਂਗਰਸ ਪਾਰਟੀ ਆਗੂਆਂ ਦੀ ਸਰਗਰਮੀ ਪਾਰਟੀ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਲਈ ਕੀਤੀ ਜਾ ਰਹੀ ਤਿਆਰੀ ਬਾਰੇ ਗਵਾਹੀ ਭਰ ਰਹੀ ਹੈ।